



—ਟੇਬਲ ਟੈਨਿਸ ‘ਚ ਬਰਨਾਲਾ ਦੀਆਂ ਖਿਡਾਰਨਾਂ ਨੇ ਅੰਡਰ 19 ‘ਚ ਤੀਜਾ ਅਤੇ ਅੰਡਰ 14’ ਚ ਚੌਥਾ ਸਥਾਨ ਹਾਸਲ ਕੀਤਾ
ਐਲ.ਬੀ.ਐੱਸ. ਸਕੂਲ ਵਿਖੇ ਖੇਡ ਵਿਭਾਗ ਵੱਲੋਂ ਆਯੋਜਿਤ ਸਿਖ਼ਲਾਈ ਕੇਂਦਰ ਵਿਖੇ ਲੈ ਰਹੀਆਂ ਹਨ ਸਿਖ਼ਲਾਈ
ਬਰਨਾਲਾ, 3 ਨਵੰਬਰ(ਹਿਮਾਂਸ਼ੂ ਗੋਇਲ):ਖੇਡ ਵਿਭਾਗ ਬਰਨਾਲਾ ਵੱਲੋਂ ਲਾਲ ਬਹਾਦੁਰ ਸ਼ਾਸਤਰੀ ਸਕੂਲ ਵਿਖੇ ਚਲਾਏ ਜਾ ਰਹੇ ਸਿਖ਼ਲਾਈ ਕੇਂਦਰ ਦੀਆਂ ਖਿਡਾਰਨਾਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ 69 ਵੇਂ ਪੰਜਾਬ ਇੰਟਰ ਸਕੂਲ ਸਟੇਟ ਮੁਕਾਬਲੇ ‘ਚ ਅੰਡਰ 19 ਗਰੁੱਪ’ ਚ ਤੀਜਾ ਅਤੇ ਅੰਡਰ 14 ਗਰੁੱਪ ‘ਚ ਚੌਥਾ ਸਥਾਨ ਹਾਸਿਲ ਕੀਤਾ। ਇਹ ਮੁਕਾਬਲੇ ਜੁਗਿਆਲ ਪਠਾਨਕੋਟ ਵਿਖੇ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਓਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ 30 ਅਕਤੂਬਰ ਤੋਂ 2 ਨਵੰਬਰ ਤੱਕ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚ ਅੰਡਰ 19 ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਟੀਮ ਵਿੱਚ ਖਿਡਾਰਨ ਗਾਰਗੀ ਸ਼ਰਮਾ, ਜਸਲੀਨ ਕੌਰ, ਹਰਮਨ, ਮਿਹਰ ਪ੍ਰੀਤ ਕੌਰ ਸ਼ਾਮਿਲ ਸਨ।
ਇਸੇ ਤਰ੍ਹਾਂ ਅੰਡਰ 14 ਦੀ ਟੀਮ ਨੇ ਚੌਥਾ ਸਥਾਨ ਹਾਸਿਲ ਕੀਤਾ। ਇਸ ਵਿੱਚ ਖਿਡਾਰਨ ਗਗਨਦੀਪ ਕੌਰ, ਰਾਜਪਾਲ ਕੌਰ, ਰਾਬੀਆ ਸਿੰਗਲਾ ਅਤੇ ਸਿਮਰਜੀਤ ਕੌਰ ਸ਼ਾਮਿਲ ਸਨ।ਉਨ੍ਹਾਂ ਖਿਡਾਰਨਾਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਇਨ੍ਹਾਂ ਖਿਡਾਰਨਾਂ ਨੇ ਨਾ ਕੇਵਲ ਆਪਣੇ ਮਾਤਾ ਪਿਤਾ ਬਲਕਿ ਆਪਣੇ ਆਪਣੇ ਸਕੂਲਾਂ ਅਤੇ ਜ਼ਿਲ੍ਹੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਸਕੂਲ ਵੱਲੋਂ ਅੱਜ ਇਨ੍ਹਾਂ ਖਿਡਾਰਨਾਂ ਦਾ ਸਨਮਾਨ ਕੀਤਾ ਗਿਆ ਜਿਸ ਦੌਰਾਨ ਕੋਚ ਬਰਿੰਦਰ ਜੀਤ ਕੌਰ ਵੀ ਹਾਜ਼ਰ ਸਨ।


