

ਮਾਲਵਾ ਲਿਖਾਰੀ ਸਭਾ ਸੰਗਰੂਰ ਦਾ ਸਾਲਾਨਾ ਸਮਾਗਮ 2 ਨਵੰਬਰ ਨੂੰ
ਸ਼ੌਂਕੀ, ਬਾਲੀਆਂ, ਨੂਰਮੀਤ, ਝੱਮਟ ਅਤੇ ਹੋਸ਼ੀ ਨੂੰ ਦਿੱਤੇ ਜਾਣਗੇ ਪੁਰਸਕਾਰ
ਸੰਗਰੂਰ, 27 ਅਕਤੂਬਰ (ਹਿਮਾਂਸ਼ੂ ਗੋਇਲ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਸਾਲਾਨਾ ਸਮਾਗਮ 2 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਹੋ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਵਿਸ਼ਾਲ ਸਮਾਗਮ ਦੀ ਪ੍ਰਧਾਨਗੀ ਸ੍ਰੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਕਰਨਗੇ ਅਤੇ ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਡਾ. ਮੀਤ ਖਟੜਾ, ਡਾ. ਭਗਵੰਤ ਸਿੰਘ, ਸ੍ਰੀ ਜਸਵੀਰ ਰਾਣਾ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਪ੍ਰਿੰ. ਇਕਬਾਲ ਕੌਰ ਉਦਾਸੀ ਸ਼ਾਮਲ ਹੋਣਗੇ। ਉੱਘੇ ਸਾਹਿਤਕਾਰ ਸ੍ਰੀ ਸੁਰਿੰਦਰ ਸਿੰਘ ਸੁੰਨੜ ਮੁੱਖ ਸੰਪਾਦਕ ਸਾਹਿਤਕ ਮੈਗਜ਼ੀਨ ‘ਆਪਣੀ ਆਵਾਜ਼’ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੌਕੇ ਸਭਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਗੁਲਜ਼ਾਰ ਸਿੰਘ ਸ਼ੌਂਕੀ ਨੂੰ, ਗੁਰਮੇਲ ਮਡਾਹੜ ਗਲਪ ਪੁਰਸਕਾਰ ਸੁਖਵਿੰਦਰ ਸਿੰਘ ਬਾਲੀਆਂ ਨੂੰ, ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ ਜੋਗਿੰਦਰ ਨੂਰਮੀਤ ਨੂੰ, ਕਵੀ ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ ਪ੍ਰਸਿੱਧ ਕਵੀ ਲਾਭ ਸਿੰਘ ਝੱਮਟ ਨੂੰ ਅਤੇ ਮੇਘ ਗੋਇਲ ਨਵ-ਪ੍ਰਤਿਭਾ ਪੁਰਸਕਾਰ ਪਵਨ ਕੁਮਾਰ ਹੋਸ਼ੀ ਨੂੰ ਦਿੱਤਾ ਜਾਵੇਗਾ। ਸ੍ਰੀ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸੁਲੋਚਨਾ’ ਉੱਪਰ ਗੋਸ਼ਟੀ ਵੀ ਕਰਵਾਈ ਜਾਵੇਗੀ, ਜਿਸ ਵਿੱਚ ਪੁਸਤਕ ਸਬੰਧੀ ਪਰਚਾ ਡਾ. ਮਨੀਸ਼ਾ ਰਾਣੀ ਪੜ੍ਹਨਗੇ ਅਤੇ ਮੁੱਖ ਭਾਸ਼ਣ ਸ੍ਰੀ ਜਸਵੀਰ ਰਾਣਾ ਦਾ ਹੋਵੇਗਾ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਲੋਟੇ ਵੱਲੋਂ ਸੰਪਾਦਿਤ ਸਭਾ ਦਾ ਸਾਂਝਾ ਕਾਵਿ-ਸੰਗ੍ਰਹਿ ‘ਕਲਮੀ ਹੀਰੇ’ ਵੀ ਲੋਕ ਅਰਪਣ ਕੀਤਾ ਜਾਵੇਗਾ ਅਤੇ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।


