
ਗਰੀਬ ਪਰਿਵਾਰ ਨੇ ਸਰਕਾਰ ਅੱਗੇ ਕੀਤੀ ਫਰਿਆਦ
ਅਮਰਗੜ੍ਹ,18 ਸਤੰਬਰ (ਵਤਨ ਬਾਠ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਦੀਆਂ ਬਾਰਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਗੁਰਲੀਨ ਕੌਰ ਤੇ ਜਤਨ ਦੀਪ ਕੌਰ ਨੂੰ ਕੋਈ ਅਣਪਛਾਤਾ ਵਾਹਨ ਉਸ ਵਕਤ ਫੇਟ ਮਾਰ ਗਿਆ,ਜਦੋਂ ਉਹ ਸਵੇਰੇ ਘਰ ਤੋਂ ਸਕੂਲ ਆ ਰਹੀਆਂ ਸਨ। ਜਿਨਾਂ ਨੂੰ ਤੁਰੰਤ ਪ੍ਰਿੰਸੀਪਲ ਕੁਲਵੰਤ ਸਿੰਘ ਗਰੇਵਾਲ ਵੱਲੋਂ ਖੁਦ ਮੁਢਲਾ ਸਿਹਤ ਕੇਂਦਰ ਅਮਰਗੜ੍ਹ ਵਿਖੇ ਇਲਾਜ ਲਈ ਲਿਜਾਇਆ ਗਿਆ ਜਿੱਥੇ ਮੌਜੂਦ ਡਾਕਟਰ ਗੁਰਵਿੰਦਰ ਸਿੰਘ ਵੱਲੋਂ ਵਿਦਿਆਥਣਾ ਨੂੰ ਦਵਾਈ ਦਿੰਦਿਆਂ ਐਕਸਰੇ ਕਰਵਾਉਣ ਲਈ ਕਿਹਾ ਗਿਆ। ਪਰ ਹਸਪਤਾਲ ਦੀ ਐਕਸਰੇ ਮਸ਼ੀਨ ਖਰਾਬ ਹੋਣ ਕਾਰਨ ਐਕਸਰੇ ਨਹੀਂ ਹੋ ਸਕੇ, ਤਾਂ ਡਾਕਟਰ ਨੇ ਕਿਹਾ ਕਿ ਦੋ ਦਿਨਾਂ ਬਾਅਦ ਦਵਾਈ ਖਾਣ ਉਪਰੰਤ ਕਰਵਾ ਕੇ ਦਿਖਾ ਦਿਓ।
ਦੋਵੇਂ ਵਿਦਿਆਰਥਣਾ ਦੇ ਪਿਤਾ ਗੁਰਮੀਤ ਸਿੰਘ ਵਾਸੀ ਅਲੀਪੁਰ ਤੇ ਗੁਰਚਰਨ ਸਿੰਘ ਵਾਸੀ ਰਾਏਪੁਰ ਨੇ ਦੱਸਿਆ ਕਿ ਜਦੋਂ ਅਸੀਂ ਦੋ ਦਿਨਾਂ ਬਾਅਦ ਬੱਚਿਆਂ ਦੇ ਐਕਸਰੇ ਕਰਵਾਉਣ ਲਈ ਆਏ ਤਾਂ ਸਾਥੋਂ ਢਾਈ ਢਾਈ ਸੌ ਰੁਪਏ ਐਕਸਰੇ ਫੀਸ ਭਰਵਾਈ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਸੜਕ ਦੁਰਘਟਨਾਵਾਂ ‘ਚ ਜਖਮੀ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲਾਂ ‘ਚ ਮੁਫਤ ਕਰਨ ਦਾ ਐਲਾਨ ਕੀਤਾ ਹੋਇਆ ਹੈ,ਪਰ ਸਾਥੋਂ ਗਰੀਬਾਂ ਤੋਂ ਐਕਸਰੇ ਦੀ ਫੀਸ ਭਰਵਾਈ ਜਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਸੜਕ ਦੁਰਘਟਨਾਵਾਂ ‘ਚ ਜਖਮੀਆਂ ਦੇ ਇਲਾਜ ਲਈ ਲਗਾਈਆਂ ਸਰਤਾਂ ਹਟਾਉਣ ਦੀ ਮੰਗ ਕੀਤੀ।
ਕੀ ਕਹਿਣਾ ਹੈ ਐਸਐਮਓ ਦਾ ; ਜਦੋਂ ਇਸ ਸਬੰਧੀ ਬਤੌਰ ਐਸਐਮਓ ਸੇਵਾਵਾਂ ਨਿਭਾ ਰਹੇ ਡਾਕਟਰ ਗੁਰਵਿੰਦਰ ਸਿੰਘ ਤੋਂ ਜਾਣਨਾ ਚਾਹਿਆ ਕਿ ਇਹਨਾਂ ਦੇ ਪੈਸੇ ਕਿਉਂ ਲੱਗੇ ਹਨ? ਤਾਂ ਉਨ੍ਹਾਂ ਦੱਸਿਆ ਕਿ ਸੜਕ ਦੁਰਘਟਨਾਵਾਂ ‘ਚ ਫੱਟੜ ਮਰੀਜ਼ ਲਈ ਐਕਸਰੇ ਸਿਰਫ 24 ਘੰਟਿਆਂ ਵਿੱਚ ਹੀ ਕਰਵਾਉਣਾ ਹੁੰਦਾ ਹੈ,ਉਸ ਤੋਂ ਬਾਅਦ ਮੁਫਤ ਨਹੀਂ ਹੁੰਦਾ। ਇਹ ਸਰਕਾਰ ਵੱਲੋਂ ਲਾਜਮੀ ਸ਼ਰਟ ਲਗਾਈ ਹੋਈ ਹੈ।
ਐਸਐਮਓ ਗੁਰਵਿੰਦਰ ਸਿੰਘ ਆਪਣੀ ਜਗ੍ਹਾ ਸਿਸਟਮ ਅਨੁਸਾਰ ਸਹੀ ਹਨ ਤੇ ਗਰੀਬ ਮਾਪੇ ਆਪਣੀ ਜਗ੍ਹਾ,ਪਰ ਹਸਪਤਾਲ ਦੀ ਖਰਾਬ ਹੋਈ ਐਕਸਰੇ ਮਸ਼ੀਨ ਅਤੇ ਸਿਸਟਮ ‘ਚ ਸਮੇਂ ਦੀ ਲਗਾਈ ਸਰਤ ਕਾਰਨ ਖਮਿਆਜਾ ਗਰੀਬਾਂ ਤੇ ਲੋੜਵੰਦਾਂ ਨੂੰ ਭੁਗਤਣਾ ਪਿਆ ਹੈ,ਜਿਸ ‘ਚ ਤਰਮੀਮ ਕਰਨ ਦੀ ਅਹਿਮ ਲੋੜ ਹੈ,ਤਾਂ ਜੋ ਪੀੜਤ ਲੋਕਾਂ ਨੂੰ ਸਹੀ ਤੇ ਮੁਫ਼ਤ ਇਲਾਜ ਮਿਲ ਸਕੇ।