
ਭਾਸ਼ਾ ਵਿਭਾਗ ਪੰਜਾਬ ਵੱਲੋਂ ਜਸਵੀਰ ਰਾਣਾ ਦੇ ਨਾਵਲ ‘70% ਪ੍ਰੇਮ ਕਥਾ’ ਨੂੰ ਨਾਨਕ ਸਿੰਘ ਪੁਰਸਕਾਰ ਦੇਣ ਦਾ ਐਲਾਨ
ਅਮਰਗੜ੍ਹ,6 ਸਤੰਬਰ (ਵਤਨ ਬਾਠ)-ਜਸਵੀਰ ਰਾਣਾ ਪੰਜਾਬੀ ਦਾ ਪ੍ਰਸਿੱਧ ਗਲਪਕਾਰ ਹੈ। ਉਹ ਹੁਣ ਤੱਕ ਪੰਜਾਬੀ ਸਾਹਿਤ ਦੇ ਖੇਤਰ ਵਿੱਚ 12 ਕਿਤਾਬਾਂ ਦੀ ਸਿਰਜਣਾ ਕਰ ਚੁੱਕਾ ਹੈ। ਪਿੰਡ ਅਮਰਗੜ੍ਹ ਤੇ ਇਲਾਕੇ ਲਈ ਇਹ ਮਾਣ ਦੀ ਗੱਲ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸਦੇ ਨਾਵਲ ‘70% ਪ੍ਰੇਮ ਕਥਾ’ ਨੂੰ ਪੰਜਾਬੀ ਦੀ ਸਰਵੋਤਮ ਪੁਸਤਕ ਵਜੋਂ ਨਾਨਕ ਸਿੰਘ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।ਵਿਸ਼ੇਸ਼ ਗੱਲਬਾਤ ਕਰਦੇ ਹੋਏ ਜਸਵੀਰ ਰਾਣਾ ਨੇ ਦੱਸਿਆ ਕਿ ਇਹ ਪੁਰਸਕਾਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਮਨਾਏ ਜਾਂਦੇ ਪੰਜਾਬੀ ਸਪਤਾਹ ਦੌਰਾਨ ਵਿਭਾਗ ਦੇ ਇਕ ਵਿਸ਼ੇਸ਼ ਸਮਾਗਮ ਵਿੱਚ ਪ੍ਰਦਾਨ ਕੀਤਾ ਜਾਵੇਗਾ। ਇਸ ਪੁਰਸਕਾਰ ਵਿੱਚ 31 ਹਜ਼ਾਰ ਦੀ ਨਗਦ ਰਾਸ਼ੀ,ਸਨਮਾਨ ਚਿੰਨ੍ਹ ਤੇ ਦੋਸ਼ਾਲਾ ਦਿੱਤਾ ਜਾਂਦਾ ਹੈ। ਜਸਵੀਰ ਰਾਣਾ ਦੇ ਕਥਨ ਅਨੁਸਾਰ ਇਹ ਨਾਵਲ ਉਸਦੀ ਸਵੈ-ਜੀਵਨੀ ਦੇ ਦੋ ਪੰਨਿਆਂ ਉੱਪਰ ਲਿਖਿਆ ਹੋਇਆ ਹੈ। ਇਹ ਨਾਵਲ ਮੇਰੀ ਮਾਂ ਚਰਨ ਕੌਰ ਤੇ ਬਾਜੀ ਦਰਸ਼ਨ ਸਿੰਘ ਦੀ ਜ਼ਿੰਦਗੀ ਦਾ ਗਲਪੀ ਬਿਰਤਾਂਤ ਸਿਰਜਦਾ ਹੋਇਆ ਘਰ ਤੇ ਜ਼ਿੰਦਗੀ ਵਿੱਚ ਪੁਰਖਿਆਂ ਦੀ ਮੁਹੱਬਤ ਅਤੇ ਹੋਂਦ ਦਾ ਗਲਪੀ ਪ੍ਰਵਚਨ ਸਿਰਜਦਾ ਹੈ। ਪੰਜਾਬੀ ਮੌਤ ਦਰਸ਼ਨ ਤੋਂ ਲੈ ਕੇ ਜਿਊਂਂਦੇ ਮੋਏ ਰਿਸ਼ਤਿਆਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਦਾ ਇਹ ਨਾਵਲ ਪੈੱਨ ਦੀ ਸਿਆਹੀ ਨਾਲ ਨਹੀਂ ਖੂਨ ਨਾਲ ਲਿਖਿਆ ਗਿਆ ਹੈ। ਇਹ ਨਾਵਲ ਅੱਖ ਵਿੱਚਲੇ ਪਾਣੀ ਦਾ ਖੂਬਸੂਰਤ ਗਲਪੀ ਅਨੁਵਾਦ ਹੈ। ਸਮਕਾਲੀ ਦੌਰ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਮਨੁੱਖ ਨੂੰ ਕੁੱਝ ਪਲ ਰੁਕ ਕੇ ਪੁਰਖਿਆਂ ਵੱਲ ਝਾਤੀ ਮਾਰਨ ਦਾ ਸੰਦੇਸ਼ ਦਿੰਦਾ ਇਹ ਬਿਰਤਾਂਤ ਪੰਜਾਬੀ ਨਾਵਲ ਦੇ ਖੇਤਰ ਵਿੱਚ ਵਿਸ਼ੇ ਤੇ ਕਲਾ ਪੱਖ ਤੋਂ ਇਕ ਨਵਾਂ ਟਰੈਂਡ ਸੈੱਟ ਕਰਦਾ ਹੈ। ਇੱਥੇ ਖਾਸ ਜ਼ਿਕਰਯੋਗ ਹੈ ਕਿ ਜਸਵੀਰ ਰਾਣਾ ਦੀਆਂ ਛੇ ਕਹਾਣੀਆਂ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਬੀ.ਏ ਅਤੇ ਐਮ.ਏ ਦੇ ਸਿਲੇਬਸ ਵਿੱਚ ਲੱਗੀਆਂ ਹੋਈਆਂ ਹਨ। ਉਸ ਦੀਆਂ ਕਿਤਾਬਾਂ ਉੱਪਰ ਐਮ ਫਿਲ ਅਤੇ ਪੀਐੱਚਡੀ ਪੱਧਰ ਦਾ ਖੋਜ ਕਾਰਜ ਹੋ ਰਿਹਾ ਹੈ। ਇਸ ਅਹਿਮ ਪ੍ਰਾਪਤੀ ਦੇ ਸ਼ੁੱਭ ਅਵਸਰ ‘ਤੇ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਅਤੇ ਪਿੰਡ-ਇਲਾਕਾ ਮਾਣ ਮਹਿਸੂਸ ਕਰਦਾ ਹੈ।