
ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. ਦੀ ਵਰਤੋਂ ਕਰੋ: ਸਿਵਲ ਸਰਜਨ
ਬਰਨਾਲਾ, 4 ਸਤੰਬਰ(ਹਿਮਾਂਸ਼ੂ ਗੋਇਲ):- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਇਸ ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਜਾਰੀ ਹਨ।
ਸਿਵਲ ਸਰਜਨ ਬਰਨਾਲਾ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬਰਸਾਤਾਂ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮੱਛਰਾਂ ਅਤੇ ਮੱਖੀਆਂ ਤੋਂ ਹੋਣ ਵਾਲੀਆਂ ਮਲੇਰੀਆ, ਡੇਂਗੂ, ਚਿਕਨਗੁਨੀਆ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਬਰਸਾਤ ਦਾ ਪਾਣੀ ਗਲੀਆਂ ਨਾਲੀਆਂ ‘ਚ ਖੜ ਜਾਣ ਕਾਰਨ ਮੱਖੀਆਂ ਅਤੇ ਮੱਛਰਾਂ ਦੇ ਪੈਦਾ ਹੋਣ ਕਾਰਨ ਅਤੇ ਪੀਣ ਵਾਲੇ ਪਾਣੀ ‘ਚ ਦੂਸ਼ਿਤ ਪਾਣੀ ਕਿਸੇ ਤਰ੍ਹਾਂ ਮਿਲ ਜਾਣ ਕਾਰਨ ਪੇਟ ਦੀਆਂ ਬਿਮਾਰੀਆਂ ਦਸਤ, ਪੀਲੀਆ (ਹੈਪੇਟਾਇਟਸ) ਮਲੇਰੀਆਂ ਅਤੇ ਡੇਂਗੂ ਆਦਿ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਸਿਹਤ ਸੁਪਰਵਾਇਜਰ ਨੇ ਦੱਸਿਆ ਕਿ ਜੇਕਰ ਕਿਸੇ ਏਰੀਏ ਵਿਚ ਇਕ ਹੀ ਜਗ੍ਹਾ ’ਤੇ ਤਿੰਨ ਤੋਂ ਵੱਧ ਇਨਫੈਕਸ਼ਨ ਜਾਂ ਦਸਤਾਂ ਵਾਲੇ ਕੇਸਾਂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨੂੰ ਸੂਚਿਤ ਕੀਤਾ ਜਾਵੇ। ਬਰਸਾਤ ਦਾ ਦੂਸ਼ਿਤ ਪਾਣੀ ਅਤੇ ਕੀੜਿਆਂ ਦੇ ਕੱਟਣ ਨਾਲ ਚਮੜੀ ֹ’ਤੇ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ ਅਤੇ ਬਰਸਾਤ ਦਾ ਪਾਣੀ ਖੁੱਡਾਂ ‘ਚ ਪੈਣ ਨਾਲ ਸੱਪ ਤੇ ਹੋਰ ਜ਼ਹਿਰੀਲੇ ਜੀਵ ਜੰਤੂ ਬਾਹਰ ਨਿਕਲ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਖੜੇ ਪਾਣੀ ਵਿਚ ਨਾ ਜਾਉ ਅਤੇ ਜੇਕਰ ਪਾਣੀ ਵਿਚ ਜਾਣਾ ਜ਼ਰੂਰੀ ਹੋਵੇ ਤਾਂ ਲੰਬੇ ਬੂਟ ਪਾ ਕੇ ਜਾਉ, ਜੇਕਰ ਸੱਪ ਕੱਟ ਲੈਂਦਾ ਹੈ ਤਾਂ ਤੁਰੰਤ ਸਿਵਲ ਹਸਪਤਾਲ ਬਰਨਾਲਾ, ਸੀ ਐਚ ਸੀ ਧਨੌਲਾ ਮਹਿਲ ਕਲਾਂ ਅਤੇ ਐਸ ਡੀ ਐਚ ਤਪਾ ਵਿਖੇ ਇਲਾਜ ਕਰਵਾਉਣਾ ਚਾਹੀਦਾ ਹੈ।
ਗੁਰਪ੍ਰੀਤ ਸਿੰਘ ਸਹਿਣਾ ਅਤੇ ਕੇਵਲ ਸਿੰਘ ਸਿਹਤ ਸੁਪਰਵਾਇਜ਼ਰ ਨੇ ਦੱਸਿਆ ਕਿ ਬਰਸਾਤਾਂ ਦੌਰਾਨ ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. (ਜੀਵਨ ਰੱਖਿਅਕ ਘੋਲ) ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਸਿਹਤ ਵਿਭਾਗ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਦਿੱਤਾ ਜਾ ਰਿਹਾ ਹੈ। ਪਾਣੀ ਉਬਾਲ ਕੇ ਜਾਂ ਕਲੋਰੀਨੇਟ ਕਰਕੇ ਪੀਣਾ ਚਾਹੀਦਾ ਹੈ, ਪਾਣੀ ਸਾਫ਼ ਕਰਨ ਲਈ ਸਿਹਤ ਵਿਭਾਗ ਵੱਲੋਂ ਕਲੋਰੀਨ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ।ਬਜਾਰਾਂ ਵਿੱਚ ਵਿਕ ਰਹੇ ਜਿਆਦਾ ਪੱਕੇ ਅਤੇ ਕੱਟੇ ਹੋਏ ਫਲ ਅਤੇ ਸਬਜੀਆਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਬਾਸੀ ਖਾਣਾ ਖਾਣ ਤੋਂ ਪ੍ਰਹੇਜਜ਼ ਕਰਨਾ ਚਾਹੀਦਾ ਹੈ। ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਮੱਖੀਆਂ ਤੋਂ ਬਚਾਅ ਲਈ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਖਾਣਾ ਬਣਾਉਣ, ਖਾਣਾ ਖਾਣ , ਖਾਣਾ ਵਰਤਾਉਣ ਤੋਂ ਪਹਿਲਾਂ ਅਤੇ ਸੌਚ ਜਾਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਜਾਲੀਦਾਰ ਕਮਰਿਆਂ ਵਿਚ ਸੁੱਤਾ ਜਾਵੇ, ਮੱਛਰਦਾਨੀਆਂ ਦੀ ਵਰਤੋਂ ਕੀਤੀ ਜਾਵੇ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਾਏ ਜਾਣ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕੀਤੀ ਅਤੇ ਖੜ੍ਹੇ ਪਾਣੀ ਤੇ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ।