
ਡੀ.ਸੀ., ਐੱਸ.ਐੱਸ.ਪੀ. ਨੇ ਕੀਤਾ ਭਾਰੀ ਮੀਂਹ ਕਾਰਣ ਪ੍ਰਭਾਵਿਤ ਪਿੰਡਾਂ ਦਾ ਦੌਰਾ, ਰਾਹਤ ਕੈਂਪਾਂ ‘ਚ ਰਹਿ ਰਹੇ ਲੋਕਾਂ ਨੂੰ ਮਿਲੇ
ਲਗਾਤਾਰ ਮੀਂਹ ਕਾਰਨ ਅਸੁਰੱਖਿਅਤ ਇਮਾਰਤਾਂ ਵੇਖੀਆਂ, ਲੋਕਾਂ ਨੂੰ ਅਸੁਰੱਖਿਅਤ ਇਮਾਰਤਾਂ ਛੱਡ ਕੇ ਰਾਹਤ ਕੈਂਪਾਂ ‘ਚ ਜਾਣ ਦੀ ਅਪੀਲ
—ਜ਼ਿਲ੍ਹੇ ‘ਚ ਵੱਖ-ਵੱਖ ਥਾਂਵਾਂ ‘ਤੇ 30 ਕੈਂਪ ਸਥਾਪਤ, 440 ਲੋਕ ਕੈਂਪਾਂ ‘ਚ ਕੀਤੇ ਸ਼ਿਫਟ
ਬਰਨਾਲਾ/3 ਸਤੰਬਰ(ਹਿਮਾਂਸ਼ੂ ਗੋਇਲ):-ਸ੍ਰੀ ਟੀ ਬੈਨਿਥ, ਡਿਪਟੀ ਕਮਿਸ਼ਨਰ ਅਤੇ ਸ਼੍ਰੀ ਸਰਫ਼ਰਾਜ਼ ਆਲਮ, ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨੇ ਅੱਜ ਬਰਨਾਲਾ ਅਤੇ ਮਹਿਲ ਕਲਾਂ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਭਾਰੀ ਮੀਂਹ ਕਾਰਨ ਇਮਾਰਤਾਂ, ਫਸਲਾਂ ਆਦਿ ਦਾ ਨੁਕਸਾਨ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਇਨ੍ਹਾਂ ਪਿੰਡਾਂ ‘ਚ ਸਥਾਪਤ ਕੀਤੇ ਰਾਹਤ ਕੈਂਪਾਂ ਦਾ ਦੌਰਾ ਕੀਤਾ।
ਉਨ੍ਹਾਂ ਪਿੰਡ ਰਾਏਸਰ ਪੰਜਾਬ, ਚੰਨਣਵਾਲ ਅਤੇ ਸਹੌਚ ਦਾ ਦੌਰਾ ਕੀਤਾ। ਇਨ੍ਹਾਂ ਪਿੰਡਾਂ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਅਸੁਰੱਖਿਅਤ ਹੋਈਆਂ ਇਮਾਰਤਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਸੁਰੱਖਿਅਤ ਥਾਂਵਾਂ ‘ਚ ਨਾ ਬੈਠਣ ਅਤੇ ਆਪਣੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਸਕੱਤਰ ਨਾਲ ਰਾਬਤਾ ਕਰਕੇ ਪਿੰਡਾਂ ‘ਚ ਬਣੇ ਰਾਹਤ ਕੈਂਪਾਂ ‘ਚ ਸ਼ਿਫਟ ਹੋ ਜਾਣ।
ਇਸ ਸਬੰਧੀ ਪਿੰਡਾਂ ‘ਚ ਮੁਨਿਆਦੀ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਪਿੰਡ ਵਾਸੀ ਅਸੁਰੱਖਿਅਤ ਇਮਾਰਤ ‘ਚ ਨਾ ਰਹੇ। ਉਨ੍ਹਾਂ ਪਿੰਡ ਚੰਨਣਵਾਲ ਦੇ ਸਰਕਾਰੀ ਸੀਨੀਅਰ ਸਕੂਲ ਵਿਖੇ ਬਣਾਏ ਗਏ ਰਾਹਤ ਕੈਂਪ ਦਾ ਦੌਰਾ ਕੀਤਾ ਅਤੇ ਕੈਂਪ ‘ਚ ਰਹਿ ਰਹੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਘਰ ਦੀਆਂ ਇਮਾਰਤਾਂ ਮੀਂਹ ਕਾਰਨ ਖ਼ਰਾਬ ਹੋ ਗਈਆਂ ਹਨ ਇਨ੍ਹਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ।
ਇਨ੍ਹਾਂ ਕੈਂਪਾਂ ‘ਚ ਮੌਜੂਦ ਲੋਕਾਂ ਦਾ ਹਾਲ ਜਾਣਿਆ ਅਤੇ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਨੂੰ ਖਾਣ ਪੀਣ ਅਤੇ ਰਹਿਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਸ਼੍ਰੀ ਟੀ ਬੈਨਿਥ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹਾ ਬਰਨਾਲਾ ‘ਚ ਕੁੱਲ 30 ਕੈਂਪ ਸਥਾਪਿਤ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚ 440 ਲੋਕਾਂ ਨੂੰ ਸ਼ਿਫਟ ਕੀਤਾ ਗਿਆ ਹੈ। ਸ਼੍ਰੀ ਸਰਫ਼ਰਾਜ਼ ਆਲਮ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਨਿਰੰਤਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।
ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਮੈਡਮ ਸੋਨਮ, ਉੱਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸ਼੍ਰੀ ਸ਼ਿਵਾਂਸ਼ ਰਾਠੀ ਅਤੇ ਹੋਰ ਅਫਸਰ ਮੌਜੂਦ ਸਨ।
—ਪੰਚਾਇਤਾਂ ਨੂੰ ਘਰ ਘਰ ਜਾ ਕੇ ਸਰਵੇ ਕਰਨ ਦੀ ਨਿਰਦੇਸ਼
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀਆਂ ਪੰਚਾਇਤਾਂ ਨੂੰ ਆਪਣੇ ਆਪਣੇ ਹੇਠਾਂ ਆਉਂਦੇ ਪਿੰਡਾਂ ਦੇ ਘਰ ਘਰ ਜਾ ਕੇ ਸਰਵੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਰਵੇ ਦੌਰਾਨ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਕਿ ਕਿਸੇ ਵੀ ਅਸੁਰੱਖਿਅਤ ਇਮਾਰਤ ਚ ਕੋਈ ਵੀ ਪਿੰਡ ਵਾਸੀ ਨਾ ਰਹੇ ਅਤੇ ਇਸ ਤਰ੍ਹਾਂ ਇਮਾਰਤਾਂ ਤੋਂ ਲੋਕਾਂ ਨੂੰ ਕੈੰਪਾਂ ਚ ਸ਼ਿਫਟ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਅਸੁਰੱਖਿਅਤ ਘਰ ਤੁਰਤ ਛੱਡ ਕੇ ਕੈੰਪਾਂ ਚ ਪੁੱਜਣ।
ਹੇਠਾਂ ਲਿਖੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਹੜ੍ਹ ਪ੍ਰਭਾਵਿਤ ਹਨ ਜਿੱਥੇ ਭਾਰੀ ਮੀਂਹ ਕਰਕੇ ਖੇਤਾਂ ਦਾ ਨੁਕਸਾਨ, ਇਮਾਰਤਾਂ ਦਾ ਨੁਕਸਾਨ ਜਾਂ ਹਾਦਸੇ ਜਿਵੇਂ ਕਿ ਛੱਤਾਂ ਡਿੱਗਣ ਕਾਰਨ ਜਾਨ ਅਤੇ ਮਾਲ ਦਾ ਨੁਕਸਾਨ ਹੋਇਆ ਹੈ:
—ਧਨੌਲੇ ਦਾ ਪਿੰਡ ਭੂਰੇ,
–ਬਰਨਾਲਾ ਦੇ ਪਿੰਡ ਚੀਮਾ, ਪੱਤੀ ਸੇਖਵਾਂ, ਨਾਈਵਾਲ, ਪੱਖੋ ਕੇ, ਮੱਲੀਆਂ, ਕਰਮਗੜ੍ਹ, ਭੱਦਲਵੱਡ, ਸੰਘੇੜਾ, ਫਰਵਾਹੀ, ਸੇਖਾ, ਠੁੱਲੇਵਾਲ, ਬਰਨਾਲਾ ਏ, ਬਰਨਾਲਾ ਬੀ, ਬਰਨਾਲਾ ਸੀ, ਬਰਨਾਲਾ ਡੀ, ਹੰਢਿਆਇਆ, ਰਾਏਸਰ ਪੰਜਾਬ।
–ਤਪਾ ਦੇ ਪਿੰਡ ਸਹਿਣਾ ਏ, ਸਹਿਣਾ ਬੀ, ਤਪਾ ਬੀ, ਢਿੱਲਵਾਂ ਨਾਭਾ, ਢਿੱਲਵਾਂ ਪਟਿਆਲਾ, ਤਲਵੰਡੀ, ਮਹਿਤਾ, ਪੱਖੋ ਕਲਾਂ, ਮੌੜ ਨਾਭਾ, ਤਾਜੋਕੇ
–ਮਹਿਲ ਕਲਾਂ ਦੇ ਪਿੰਡ ਗੰਗੋਹਰ, ਕੁਰੜ, ਮਹਿਲ ਕਲਾਂ, ਪੰਡੋਰੀ, ਛਾਪਾ, ਵਜੀਦਕੇ ਖੁਰਦ, ਸਹਿਜੜਾ, ਕੁਤਬਾ, ਗੁਰਮ, ਚੰਨਣਵਾਲ ਆਦਿ।