
ਬਰਨਾਲਾ (ਹਿਮਾਂਸ਼ੂ ਗੋਇਲ) – ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਗੁਰਜੀਤ ਸਿੰਘ ਬਰਾੜ ਪੁੱਤਰ ਬਲਦੇਵ ਸਿੰਘ ਬਰਾੜ ਵਾਸੀ ਧਨੌਲਾ ਨੇ ਆਪਣੀ ਲੰਮੀ ਤੇ ਸਰਾਹਣਯੋਗ ਸੇਵਾ ਤੋਂ ਬਾਅਦ ਸੇਵਾ ਮੁਕਤੀ ਪ੍ਰਾਪਤ ਕਰ ਲਈ ਹੈ। ਉਹ ਸਨ 1988 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸਨ ਅਤੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ।
ਸਨ 2006 ਤੋਂ ਉਹ ਬਰਨਾਲਾ ਵਿਖੇ ਪੀਸੀ ਬ੍ਰਾਂਚ ਵਿੱਚ ਤੈਨਾਤ ਰਹੇ, ਜਿੱਥੇ ਉਨ੍ਹਾਂ ਨੇ ਸੱਚਾਈ ਅਤੇ ਇਮਾਨਦਾਰੀ ਨਾਲ ਆਪਣਾ ਫਰਜ ਨਿਭਾਇਆ। ਸੇਵਾ ਦੌਰਾਨ ਉਨ੍ਹਾਂ ਨੇ ਸਮਨ ਸਟਾਫ ਦੇ ਇੰਚਾਰਜ਼ ਵਜੋਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਇਸੇ ਅਹੁਦੇ ਤੋਂ ਉਹ ਸੇਵਾ ਮੁਕਤ ਹੋਏ।
ਉਨ੍ਹਾਂ ਦੀਆਂ ਉਤਕ੍ਰਿਸ਼ਟ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਐਸ.ਪੀ. ਹੈਡਕੁਆਰਟਰ ਰਾਜੇਸ਼ ਛਿੱਬਰ, ਡੀ.ਐਸ.ਪੀ. ਗੁਰਦੀਪ ਸਿੰਘ ਅਤੇ ਡੀ.ਐਸ.ਪੀ. ਬਲਜੀਤ ਸਿੰਘ ਵੱਲੋਂ ਉਨ੍ਹਾਂ ਨੂੰ ਖਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਪੁਲਿਸ ਅਧਿਕਾਰੀਆਂ ਨੇ ਗੁਰਜੀਤ ਸਿੰਘ ਬਰਾੜ ਦੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਪੁਲਿਸ ਵਿਭਾਗ ਲਈ ਇੱਕ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਬਰਾੜ ਵਰਗੇ ਅਧਿਕਾਰੀ ਪੁਲਿਸ ਬਲ ਦੀ ਇਮਾਨਦਾਰੀ ਅਤੇ ਲੋਕ ਸੇਵਾ ਦੇ ਪ੍ਰਤੀਕ ਹਨ।