
ਪਿੰਡ ਘੁੰਨਸ ਵਿਖੇ ਗੰਦੇ ਨਾਲੇ ਵਿੱਚ ਡੁੱਬ ਕੇ ਮਰੀਆਂ ਮੱਝਾਂ
ਡਰੇਨ ਵਿੱਚ ਡੁੱਬੀਆਂ 56 ਮੱਝਾਂ ਵਿੱਚੋਂ 38 ਮਰੀਆਂ, ਮੁਆਵਜੇ ਦੀ ਮੰਗ
ਘੁੰਨਸ (ਬਰਨਾਲਾ), 28 ਅਗਸਤ(ਹਿਮਾਂਸ਼ੂ ਗੋਇਲ):- ਬਰਨਾਲਾ ਜ਼ਿਲ੍ਹੇ ਦੇ ਪਿੰਡ ਘੁੰਨਸ ਵਿਖੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਨਜ਼ਦੀਕ ਲੰਘਦੀ ਡਰੇਨ ਵਿੱਚ 57 ਮੱਝਾਂ ਡੁੱਬ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁੱਜਰ ਬਰਾਦਰੀ ਦੇ ਨਾਲ ਸੰਬੰਧਿਤ ਲੋਕਾਂ ਵੱਲੋਂ ਆਪਣੇ ਪਸ਼ੂਆਂ (ਮੱਝਾਂ) ਨੂੰ ਚਾਰਨ ਵਾਸਤੇ ਡਰੇਨ ’ਤੇ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਉਹ ਪਾਣੀ ਪੀਣ ਲਈ ਡਰੇਨ ਵਿੱਚ ਚਲੇ ਗਏ, ਜਿੱਥੇ ਡਰੇਨ ਵਿੱਚ ਪਾਣੀ ਨਾਲ ਚੱਲ ਰਹੀ ਹਰੀ ਵੇਲ (ਬੂਟੀ) ਨੇ ਡਰੇਨ ਵਿੱਚ ਪਾਣੀ ਪੀ ਰਹੇ ਪਸ਼ੂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਪਸ਼ੂਆਂ ਤੋਂ ਬਾਅਦ ਦੇ ਵਿੱਚ ਬਾਹਰ ਨਹੀਂ ਨਿਕਲਿਆ ਗਿਆ ਅਤੇ ਉਹ ਵਿੱਚ ਹੀ ਡੁੱਬ ਗਏ।
ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਗੁਲਾਬ ਨਬੀ, ਮੁਹੰਮਦ ਖ਼ਾਨ, ਨੇਕ ਮੁਹੰਮਦ, ਰੌਸ਼ਨ, ਲਾਲੂ ਸ਼ਰੀਫ ਆਦਿ ਨੇ ਦੱਸਿਆ ਕਿ ਅਸੀਂ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਨਿਵਾਸੀ ਹਾਂ ਅਸੀਂ ਹਰ ਸਾਲ ਇੱਧਰ ਇਸ ਸੀਜਨ ਦੌਰਾਨ ਆ ਜਾਂਦੇ ਹਾਂ ਤੇ ਇਥੇ ਆਪਣੀਆਂ ਮੱਝਾਂ ਚਰਾਉਣ ਲਈ ਆਉਂਦੇ ਰਹਿੰਦੇ ਹਾਂ। ਬੀਤੇ ਕੱਲ ਸਾਡੀਆਂ ਮੱਝਾਂ ਡਰੇਨ ਕੋਲੋਂ ਲੰਘਣ ਸਮੇਂ ਉਹ ਡਰੇਨ ਵਿੱਚ ਪਾਣੀ ਪੀਣ ਚਲੀਆਂ ਗਈਆਂ, ਜਿਸ ਤਰ੍ਹਾਂ ਪਹਿਲਾਂ ਵੀ ਅਕਸਰ ਚਲੀ ਜਾਂਦੀਆਂ ਸੀ ਪਰ ਇਹ ਘਟਨਾ ਉਸ ਵੇਲੇ ਹੋਈ ਜਦੋਂ ਜ਼ਿਆਦਾ ਮੀਂਹ ਪੈਣ ਕਾਰਨ ਡਰੇਨ ਵਿੱਚ ਵੇਲ (ਬੂਟੀ) ਅੱਗੇ ਚੱਲ ਰਹੀ ਸੀ ਜਦੋਂ ਉਹ ਕਿਸੇ ਦਰਖਤ ਦੇ ਵਿੱਚ ਫਸ ਕੇ ਇਕੱਠੀ ਹੋਈ ਪਈ ਸੀ ਜਦੋਂ ਉੱਥੋਂ ਸਫ਼ਾਈ ਦਾ ਕੰਮ ਚੱਲਣ ਕਰਕੇ ਉਹ ਬੂਟੀ ਇੱਕ ਦਮ ਵੱਧ ਮਾਤਰਾ ਦੇ ਵਿੱਚ ਡਰੇਨ ਵਿੱਚ ਆ ਗਈ ਜਦੋਂ ਮੱਝਾਂ ਡਰੇਨ ਵਿੱਚ ਬੈਠੀਆਂ ਸਨ, ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਤੋਂ ਬਾਅਦ ਅਸੀਂ ਵੀ ਡਰੇਨ ਵਿੱਚ ਜਾ ਕੇ ਬੂਟੀ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਪਰ ਕਈ ਮੱਝਾਂ ਉਸ ਵਿੱਚ ਫਸ ਕੇ ਡੁੱਬ ਗਈਆਂ। ਉਹਨਾਂ ਦੱਸਿਆ ਕਿ ਸਾਡੀਆਂ 56 ਮੱਝਾਂ ਸਨ। ਜਿੰਨਾਂ ਵਿੱਚੋਂ ਲਗਭਗ 38 ਮੱਝਾਂ ਦੀ ਮੌਤ ਹੋ ਗਈ ਤੇ ਬਾਕੀ ਬੜੀ ਮੁਸ਼ਕਿਲ ਦੇ ਨਾਲ ਜਿਉਂਦੀਆਂ ਮੱਝਾਂ ਬਾਹਰ ਕੱਢੀਆਂ। ਉਹਨਾਂ ਕਿਹਾ ਕਿ ਸਾਡਾ ਬਹੁਤ ਵੱਡਾ ਲਗਭਗ 30-35 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਆਖਿਆ ਕਿ ਅਸੀਂ ਮੱਝਾਂ ਦੇ ਸਿਰ ’ਤੇ ਹੀ ਗੁਜ਼ਾਰਾ ਕਰਦੇ ਹਾਂ। ਉਹਨਾਂ ਇਸ ਮੌਕੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਸਾਡੀ ਆਰਥਿਕ ਤੌਰ ’ਤੇ ਮਦਦ ਕੀਤੀ ਜਾਵੇ ਕਿਉਂਕਿ ਸਾਡੇ ’ਤੇ ਬਹੁਤ ਵੱਡਾ ਆਰਥਿਕ ਸੰਕਟ ਆ ਗਿਆ ਹੈ।
ਇਸ ਮੌਕੇ ਪਿੰਡ ਘੁੰਨਸ ਸਰਪੰਚ ਬੇਅੰਤ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਉਹਨਾਂ ਆਖਿਆ ਕਿ ਅਸੀਂ ਆਪਣੇ ਪੰਚਾਇਤੀ ਤੌਰ ’ਤੇ ਇਹਨਾਂ ਦੀ ਮਦਦ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦਾ ਮੱਝਾਂ ਮਰਨ ਦੇ ਨਾਲ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ ਜਿਸ ਲਈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਇਹਨਾਂ ਦੇ ਕੋਈ ਮੁਆਵਜੇ ਦਾ ਜਿੰਨਾ ਹੋ ਸਕੇ ਪ੍ਰਬੰਧ ਜ਼ਰੂਰ ਕਰੇ।