
ਭਾਜਪਾ ਨੂੰ ਪਿੰਡਾਂ ਵਿੱਚ ਕੈਂਪ ਲਗਾਉਣ ਤੋਂ ਰੋਕਣ ਨਾਲ ਲੋਕਾਂ ਚ ਭਾਜਪਾ ਪ੍ਰਤੀ ਪੈਦਾ ਹੋ ਰਹੀ ਹਮਦਰਦੀ ਦੀ ਲਹਿਰ
ਬਰਨਾਲਾ, 23 ਅਗਸਤ (ਬਲਵਿੰਦਰ ਅਜ਼ਾਦ/ਹਿਮਾਂਸ਼ੂ ਗੋਇਲ):-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਰਨਾਲਾ ਵੱਲੋਂ ਹਾਈ ਕਮਾਂਡ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕਚਹਿਰੀ ਚੌਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬੋਲਦਿਆਂ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਪਿੰਡਾਂ ਵਿੱਚ ਹਰ ਬੂਥ ‘ਤੇ ਕੈਂਪ ਲਗਾਏ ਜਾ ਰਹੇ ਸਨ, ਜਿਸ ਨਾਲ ਪਿੰਡਾਂ ਵਿੱਚ ਭਾਜਪਾ ਦਾ ਗ੍ਰਾਫ ਵੱਧ ਰਿਹਾ ਹੈ, ਪ੍ਰੰਤੂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦਾ ਸਹਾਰਾ ਲੈ ਕੇ ਇਹਨਾਂ ਕੈਂਪਾਂ ਨੂੰ ਰੋਕਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਮੁੱਚੇ ਪੰਜਾਬ ਚ ਭਾਜਪਾ ਨੂੰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਦੇ ਘਰ ਘਰ ਇਸ ਮੁਹਿੰਮ ਨੂੰ ਪਹੁੰਚਾਉਣ ਤੋਂ ਰੋਕਣ ਲਈ ਸਰਕਾਰ ਵੱਲੋਂ ਪੁਲੀਸ ਦਾ ਸਹਾਰਾ ਲੈ ਕੇ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਕੈਂਪ ਲਾਉਣ ਤੋਂ ਰੋਕਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨੀਂ ਆਪ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਸਾਨੂੰ ਚੋਣਾਂ ਜਿੱਤਣ ਲਈ ਹਰ ਹੀਲਾ ਵਰਤਣਾ ਪਵੇਗਾ। ਅੱਜ ਆਮ ਆਦਮੀ ਪਾਰਟੀ ਉਸੇ ਬਿਆਨ ਮੁਤਾਬਕ ਭਾਜਪਾ ਦੇ ਕੈਂਪ
ਰੋਕ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਵਿੱਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਆਯੁਸ਼ਮਾਨ ਕਾਰਡ, ਕਿਸਾਨ ਸਨਮਾਨ ਨਿਧੀ ਯੋਜਨਾ, ਅਵਾਸ ਯੋਜਨਾ, ਈ-ਕਿਰਤ ਕਾਰਡ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ, ਪੈਨਸ਼ਨ, ਪ੍ਰਧਾਨ ਮੰਤਰੀ ਸੂਰਜ ਯੋਜਨਾ, ਘਰ ਯੋਜਨਾ, ਮੁਫ਼ਤ ਬਿਜਲੀ ਯੋਜਨਾ, ਟੂਲ ਕਿੱਟ ਵੰਡ ਪ੍ਰੋਗਰਾਮ ਅਧੀਨ ਸਕੀਮਾਂ ਅਧੀਨ ਲੋਕਾਂ ਦੇ ਮੁਫ਼ਤ ਫਾਰਮ ਭਰੇ ਜਾਂਦੇ ਹਨ ਅਤੇ ਮੌਕੇ ‘ਤੇ ਲੋਕਾਂ ਨੂੰ ਲਾਭ ਦਿੱਤੇ ਜਾਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਇਸ ਕਰਵਾਈ ਨੂੰ ਨਾ ਰੋਕਿਆ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪਾਰਟੀ ਦੇ ਐਸ ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ, ਬੀ ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗੱਖੀ, ਨਰਿੰਦਰ ਗਰਗ ਨੀਟਾ, ਰਾਜਿੰਦਰ ਉੱਪਲ, ਕੁਲਦੀਪ ਮਿੱਤਲ, ਗੁਰਸ਼ਰਨ ਸਿੰਘ ਠੀਕਰੀਵਾਲ ਆਦਿ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਕਾਰਨ ਆਮ ਲੋਕਾਂ ਚ ਭਾਜਪਾ ਪ੍ਰਤੀ ਹਮਦਰਦੀ ਦੀ ਲਹਿਰ ਪੈਦਾ ਹੋ ਰਹੀ ਹੈ। ਅਨੇਕਾਂ ਹੋਰ ਆਗੂਆਂ ਅਤੇ ਵਰਕਰਾਂ ਨੇ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪਿੱਟ ਸਿਆਪਾ ਕੀਤਾ।