
ਪੰਜਾਬ ਅੰਦਰ ਚੱਲ ਰਹੀ ‘ਆਪ’ ਤੇ ਵਿਕਾਸ ਦੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਤੰਬੂ ਪੁੱਟਕੇ ਰੱਖ ਦਿੱਤੇ ; ਵਿਧਾਇਕ ਪ੍ਰੋ. ਗੱਜਣਮਾਜਰਾ
ਪੰਜਾਬ ਅੰਦਰ ਚੱਲ ਰਹੀ ‘ਆਪ’ ਤੇ ਵਿਕਾਸ ਦੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਤੰਬੂ ਪੁੱਟਕੇ ਰੱਖ ਦਿੱਤੇ ; ਵਿਧਾਇਕ ਪ੍ਰੋ. ਗੱਜਣਮਾਜਰਾ
ਅਮਰਗੜ੍ਹ,24 ਜੂਨ (ਸੁਖਵਿੰਦਰ ਸਿੰਘ ਅਟਵਾਲ)-ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੰਜੀਵ ਅਰੋੜਾ ਦੀ ਭਾਰੀ ਬਹੁਮਤ ਨਾਲ ਹੋਈ ਜਿੱਤ ਨੇ ਪੰਜਾਬ ‘ਚ ‘ਆਪ’ ਦੀ ਹਰਮਨਪਿਆਰਤਾ ਤੇ ਸਰਕਾਰ ਦੁਆਰਾ ਕੀਤੇ ਜਾ ਰਹੇ ਸਰਬ ਪੱਖੀ ਵਿਕਾਸ ‘ਤੇ ਮੋਹਰ ਲਗਾਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੁਪਰੀਮੋ ਸ੍ਰੀ ਅਰਵਿੰਦਰ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਅੱਜ ਪੰਜਾਬ ਹਰ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ। ਪੰਜਾਬ ਅੰਦਰ ਚੱਲ ਰਹੀ ਆਪ ਤੇ ਵਿਕਾਸ ਦੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਤੰਬੂ ਪੁੱਟਕੇ ਰੱਖ ਦਿੱਤੇ ਹਨ,ਜਿਸ ਕਾਰਨ ਲੁਧਿਆਣਾ ਜ਼ਿਮਨੀ ਚੋਣ ‘ਚ ਕਿਸੇ ਦੇ ਪੈਰ ਨਹੀਂ ਲੱਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ,ਪਹਿਲਾਂ ਵਾਲੀਆਂ ਰਵਾਇਤੀ ਪਾਰਟੀਆਂ ਵਾਗੂੰ ਲੀਡਰਾਂ ਦੇ ਪੁੱਤਾਂ ਨੂੰ ਲੀਡਰ ਨਹੀਂ ਬਣਾਇਆ,ਸਗੋਂ ਨਵੀਆਂ ਪਿਰਤਾਂ ਪਾਈਆਂ ਹਨ। ਏਸੇ ਲਈ ਹੁਣ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਅੰਦਰ ਘਰ ਕਰ ਚੁੱਕੀ ਹੈ,ਜਿਸ ਲਈ ਉਹ ਬਿਨਾਂ ਕਿਸੇ ਹੋਰ ਨੂੰ ਦੇਖਿਆ ਝਾੜੂ ਦਾ ਬਟਨ ਦਬਾ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਜਿਮਨੀ ਚੋਣ ‘ਚ ਸ੍ਰੀ ਸੰਜੀਵ ਅਰੋੜਾ ਦੀ ਹੋਈ ਮਿਸਾਲੀ ਜਿੱਤ ਨੇ 2027 ਲਈ ਜਿੱਥੇ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ,ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੁਬਾਰਾ ਬਣਨਾ ਵੀ ਸੀਸੇ ਵਾਂਗ ਸਾਫ ਨਜ਼ਰ ਆ ਰਿਹਾ ਹੈ।