
ਸ੍ਰੀ ਅਰੂਟ ਮਹਾਰਾਜ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੀ ਲੋੜ : ਰਾਜ ਕੁਮਾਰ ਅਰੋੜਾ
ਸੰਗਰੂਰ/ਬਲਵਿੰਦਰ ਅਜ਼ਾਦ:-
ਦੇਸ਼ ਦੀ ਵੰਡ ਪਿੱਛੋਂ ਅਰੋੜਾ ਸਮਾਜ ਦੇ ਮਿਹਨਤੀ ਅਤੇ ਹੌਸਲੇ ਵਾਲੇ ਲੋਕਾਂ ਨੇ ਡੋਲਣ ਦੀ ਥਾਂ ਹਿੰਮਤ ਦਾ ਲੜ ਫੜ੍ਹ ਕੇ ਆਪਣੇ-ਆਪ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰ ਲਿਆ। ਵਪਾਰ, ਸਿੱਖਿਆ, ਚਿਕਿਤਸਾ, ਉਦਯੋਗ, ਸਿਹਤ ਅਤੇ ਰਾਜਨੀਤੀ ਸਮੇਤ ਵੱਖ-ਵੱਖ ਖੇਤਰਾਂ ‘ਚ ਅਰੋੜਾ ਸਮਾਜ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਅਰੋੜਾ ਸਮਾਜ ਨੇ ਹਰ ਖੇਤਰ ਵਿਚ ਕਮਾਲ ਦੀ ਪ੍ਰਗਤੀ ਕੀਤੀ ਹੈ ਅਤੇ ਵੱਡੀਆਂ ਮੱਲਾ ਮਾਰੀਆਂ ਹਨ। ਸਮਾਜ ਵਿਚ ਅਜਿਹਾ ਕੋਈ ਕਿੱਤਾ ਨਹੀਂ, ਜਿਸ ਵਿਚ ਅਰੋੜਾ ਸਮਾਜ ਦੇ ਮਿਹਨਤੀ ਲੋਕਾਂ ਨੇ ਆਪਣੇ ਝੰਡੇ ਨਹੀਂ ਗੱਡੇ । ਇਸਦੇ ਨਾਲ ਹੀ ਸਮਾਜ ਸੇਵਾ ਅਤੇ ਲੋਕ ਭਲਾਈ ਕੰਮਾਂ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਆਪਣੀ ਅਲਗ ਪਛਾਣ ਵੀ ਬਣਾਈ ਹੈ ਪਰ ਇਸਦੇ ਬਾਵਜੂਦ ਅੱਜ ਤੱਕਦੀਆਂ ਸਰਕਾਰਾਂ ਵਲੋਂ ਅਰੋੜਾ ਸਮਾਜ ਦੀਆਂ ਸੇਵਾਵਾਂ ਨੂੰ ਅਣਦੇਖਿਆ ਕੀਤਾ ਜਾਂਦਾ ਰਿਹਾ ਹੈ, ਜਿਸ ਸਦਕਾ ਅੱਜ ਤੱਕ ਅਰੋੜਾ ਸਮਾਜ ਦੀਆਂ ਲੰਮੇ ਸਮੇਂ ਤੋਂ ਲਟਕਦੀਆ ਆ ਰਹੀਆ ਮੰਗਾਂ ਅੱਜ ਵੀ ਜਿਉਂ ਦੀਆਂ ਤਿਉਂ ਬਰਕਰਾਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਅਰੋੜਾ ਸਮਾਜ ਨਾਲ ਸਬੰਧਤ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਜੋ ਕਿ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉੱਘੇ ਸਮਾਜ ਸੇਵੀ ਅਤੇ ਨਗਰ ਕੌਸਲਰ ਨੱਥੂ ਲਾਲ ਢੀਂਗਰਾ, ਟਈਪਿਸਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨਗਰ ਕੌਸਲਰ ਮਨੋਜ ਕੁਮਾਰ(ਮਨੀ ਕਥੂਰੀਆ) ਨੇ ਦੇਸ਼ ਭਰ ਵਿਚ 30 ਮਈ ਨੂੰ ਅਰੋੜਾ ਸਮਾਜ ਵਲੋਂ ਮਨਾਏ ਜਾ ਰਹੇ ਅਰੋੜਾ ਵੰਸ਼ ਦੇ ਸੰਸਥਾਪਕ ਸ਼੍ਰੀ ਅਰੂਟ ਮਹਾਰਾਜ ਦੇ ਜਨਮ ਦਿਹਾੜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ।
ਉਨ੍ਹਾਂ ਨੇ ਸ੍ਰੀ ਅਰੂਟ ਮਹਾਰਾਜ ਦੇ ਜੀਵਨ ‘ਤੇ ਪ੍ਰਕਾਸ਼ ਪਾਉਂਦਿਆਂ ਉਨ੍ਹਾਂ ਦੇ ਜੀਵਨ ਅਤੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ‘ਤੇ ਜ਼ੋਰ ਦਿੱਤਾ। ਸ੍ਰੀ ਅਰੋੜਾ, ਸ੍ਰੀ ਢੀਂਗਰਾ, ਕਥੂਰੀਆ ਨੇ ਇਹ ਵੀ ਦੱਸਿਆ ਕਿ ਸ੍ਰੀ ਅਰੂਟ ਜੀ ਮਹਾਰਾਜ ਸ੍ਰੀ ਰਾਮ ਚੰਦਰ ਜੀ ਦੇ ਵੰਸਜ ਸਨ। ਇਨ੍ਹਾਂ ਨੇ ਭਗਵਾਨ ਪਰਸ਼ੂਰਾਮ ਜੀ ਤੋਂ ਸਿੱਖਿਆ ਗ੍ਰਹਿਣ ਕੀਤੀ ਸੀ। ਉਨ੍ਹਾ ਕਿਹਾ ਕਿ ਜਦੋਂ ਵੀ ਦੇਸ਼ ਅਤੇ ਧਰਮ ‘ਤੇ ਖਤਰਾ ਆਇਆ ਹੈ, ਉਦੋਂ ਅਰੋੜਾ ਬਿਰਾਦਰੀ ਨੇ ਸ੍ਰੀ ਅਰੂਟ ਮਹਾਰਾਜ ਦੇ ਸਿਧਾਂਤਾਂ ‘ਤੇ ਚੱਲਦੇ ਹੋਏ ਕੁਰਬਾਨੀਆਂ ਕਰਨ ਤੋਂ ਕਦੇ ਪਿੱਛੇ ਪੈਰ ਨਹੀਂ ਹਟਾਇਆ, ਸਗੋਂ ਅੱਗ ਵੱਧ ਕੇ ਦੇਸ਼ ਅਤੇ ਧਰਮ ਦੀ ਰੱਖਿਆ ਕੀਤੀ ਹੈ। ਦੇਸ਼ ਅਤੇ ਧਰਮ ਦੇ ਨਾਲ-ਨਾਲ ਸਮਾਜ ਭਲਾਈ ਵਿੱਚ ਵੀ ਅਰੋੜਾ ਬਿਰਾਦਰੀ ਦਾ ਅਹਿਮ ਯੋਗਦਾਨ ਰਿਹਾ ਹੈ। ਵਰਤਮਾਨ ਸਮੇਂ ਵਿਚ ਵੀ ਅਰੋੜਾ ਸਮਾਜ ਵਲੋਂ ਪੂਰੇ ਪੰਜਾਬ ਵਿਚ ਕੁੜੀਆਂ ਦੇ ਵਿਆਹ ਵਿਚ ਮੱਦਦ, ਜ਼ਰੂਰਤਮੰਦ ਬੱਚਿਆਂ ਦੀ ਸਿੱਖਿਆ ਵਿਚ ਮਦਦ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਦੇ ਖੇਤਰ ਵਿਚ ਵੱਧ-ਚੜ੍ਹ ਕੇ ਸਹਿਯੋਗ ਕੀਤਾ ਜਾ ਰਿਹਾ ਹੈ। ਬਜੁਰਗਾਂ ਦਾ ਸਤਿਕਾਰ ਅਤੇ ਸਮਾਜ ਨੂੰ ਤੰਦਰੁਸਤ ਅਤੇ ਨਿਰੋਈ ਸਿਹਤ ਦੇਣ ਲਈ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਰੋੜਾ ਸਮਾਜ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਹੈ, ਜਿਸ ਵਲੋਂ ਹਰ ਧਰਮ ਦੇ ਤਿਉਹਾਰਾਂ ਅਤੇ ਸਮਾਗਮਾਂ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਂਦੀ ਹੈ । ਸ੍ਰੀ ਰਾਜ ਕੁਮਾਰ ਅਰੋੜਾ ਅਤੇ ਹੋਰਨਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਅਰੋੜਾ ਵੰਸ਼ ਦੇ ਸੰਸਥਾਪਕ ਸੀ ਅਰੂਟ ਜੀ ਮਹਾਰਾਜ ਦੀ ਯਾਦਗਾਰ ਸਥਾਪਤ ਕੀਤੀ ਜਾਵੇ ਅਤੇ ਉਨ੍ਹਾਂ ਦੇ ਜਨਮ ਦਿਹਾੜੇ ਦੀ ਛੁੱਟੀ ਐਲਾਨ ਕੀਤੀ ਜਾਵੇ। ਹਰ ਜ਼ਿਲੇ ਵਿਚ ਅਰੋੜਾ ਸੇਵਾ ਸਦਨ ਬਣਾਏ ਜਾਣ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੇਸ਼ ਦੀ ਖੁਸ਼ਹਾਲੀ, ਉਨੱਤੀ ਅਤੇ ਸਮਾਜ ਭਲਾਈ ਅਤੇ ਅਰੋੜਾ ਸਮਾਜ ਦੀ ਤਰੱਕੀ ਅਤੇ ਚੜ੍ਹਦੀ ਕਲਾ ਲਈ ਅਰੋੜਾ ਸਮਾਜ ਹਮੇਸ਼ਾ ਆਪਣਾ ਅਹਿਮ ਰੋਲ ਨਿਭਾਉਂਦਾ ਰਹੇਗਾ।