

ਬਰਨਾਲਾ ਨਗਰ ਨਿਗਮ ‘ਤੇ ਆਮ ਆਦਮੀ ਪਾਰਟੀ ਦਾ ਕਬਜ਼ਾ
ਆਮ ਆਦਮੀ ਪਾਰਟੀ ਟਰੇਡ ਕਮਿਸ਼ਨ ਬਰਨਾਲਾ ਦੇ ਚੇਅਰਮੈਨ ਰਾਜੀਵ ਗੁਪਤਾ ਲੂਬੀ ਬਣ ਸਕਦੇ ਨੇ ਪਹਿਲੇ ਮੇਅਰ
ਮੀਤ ਹੇਅਰ ਦੇ ਓ.ਐੱਸ.ਡੀ.ਹਸਨਪ੍ਰੀਤ ਭਾਰਦਵਾਜ ਹੋ ਸਕਦੇ ਹਨ ਡਿਪਟੀ ਮੇਅਰ
ਬਰਨਾਲਾ, 29 ਮਈ (ਹਿਮਾਂਸ਼ੂ ਗੋਇਲ):- ਬਰਨਾਲਾ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਨਿਗਮ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਚੋਣ ਨਤੀਜਿਆਂ ਤੋਂ ਬਾਅਦ ਹੁਣ ਸ਼ਹਿਰ ਦੀ ਸਿਆਸਤ ਵਿੱਚ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਸਿਆਸੀ ਗਲਿਆਰਿਆਂ ਵਿੱਚ ਇਹ ਗੱਲ ਦੀ ਚਰਚਾ ਨੇ ਪੂਰਾ ਜ਼ੋਰ ਫੜ ਲਿਆ ਹੈ ਕਿ ਬਰਨਾਲਾ ਦੇ ਵਾਰਡ ਨੰਬਰ 26 ਤੋਂ ਜਿੱਤੇ ਆਮ ਆਦਮੀ ਪਾਰਟੀ ਟਰੇਡ ਕਮਿਸ਼ਨ ਬਰਨਾਲਾ ਦੇ ਚੇਅਰਮੈਨ ਰਾਜੀਵ ਲੂਬੀ ਨੂੰ ਨਗਰ ਨਿਗਮ ਦਾ ਪਹਿਲਾ ਮੇਅਰ ਬਣਾਇਆ ਜਾ ਸਕਦਾ ਹੈ।
ਇਸੇ ਤਰ੍ਹਾਂ ਵਾਰਡ ਨੰਬਰ 44 ਤੋਂ ਜਿੱਤੇ ਹਸਨਪ੍ਰੀਤ ਭਾਰਦਵਾਜ ਦਾ ਨਾਮ ਡਿਪਟੀ ਮੇਅਰ ਲਈ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਦੋਵੇਂ ਆਗੂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਨਜ਼ਦੀਕੀ ਮੰਨੇ ਜਾਂਦੇ ਹਨ ਅਤੇ ਪਾਰਟੀ ਅੰਦਰ ਵੀ ਉਨ੍ਹਾਂ ਦੀ ਮਜ਼ਬੂਤ ਪਕੜ ਰਹੀ ਹੈ। ਜ਼ਿਕਰਯੋਗ ਹੈ ਕਿ ਰਾਜੀਵ ਗੁਪਤਾ ਲੂਬੀ ਇਸ ਵੇਲੇ ਆਮ ਆਦਮੀ ਪਾਰਟੀ ਟਰੇਡ ਕਮਿਸ਼ਨ ਬਰਨਾਲਾ ਦੇ ਚੇਅਰਮੈਨ ਹਨ ਅਤੇ ਉਹ ਸਥਾਨਕ ਸ਼ਹਿਰ ਅੰਦਰ ਚੰਗੀ ਪਕੜ ਰੱਖਦੇ ਹਨ। ਇਸ ਤਰ੍ਹਾਂ ਹਸਨਪ੍ਰੀਤ ਭਾਰਦਵਾਜ ਐੱਮ. ਪੀ. ਗੁਰਮੀਤ ਸਿੰਘ ਮੀਤ ਹੇਅਰ ਦੇ ਅਤੀ ਨਜ਼ਦੀਕੀ ਹਨ, ਉਹ ਜਦੋਂ ਮੀਤ ਹੇਅਰ ਪੰਜਾਬ ਸਰਕਾਰ ਵਿੱਚ ਮੰਤਰੀ ਸਨ ਤਾਂ ਉਹਨਾਂ ਨੇ ਓ.ਐੱਸ.ਡੀ. ਵਜੋਂ ਸੇਵਾਵਾਂ ਨਿਭਾਈਆਂ ਹਨ।
ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਵੱਖ-ਵੱਖ ਥਾਵਾਂ ‘ਤੇ ਜਸ਼ਨ ਮਨਾਏ ਜਾ ਰਹੇ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਵਿਕਾਸ ਅਤੇ ਇਮਾਨਦਾਰ ਰਾਜਨੀਤੀ ਨੂੰ ਵੋਟ ਦਿੱਤੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਬਰਨਾਲਾ ਸ਼ਹਿਰ ਦੇ ਵਿਕਾਸ ਲਈ ਨਵੇਂ ਪ੍ਰੋਜੈਕਟ ਲਿਆਂਦੇ ਜਾਣਗੇ ਅਤੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ।
ਹਾਲਾਂਕਿ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਅਧਿਕਾਰਿਕ ਐਲਾਨ ਹਜੇ ਹੋਣਾ ਬਾਕੀ ਹੈ, ਪਰ ਪਾਰਟੀ ਵਰਕਰਾਂ ਅਤੇ ਸਿਆਸੀ ਮਾਹਿਰਾਂ ਵਿੱਚ ਰਾਜੀਵ ਲੂਬੀ ਅਤੇ ਹਸਨਪ੍ਰੀਤ ਭਾਰਦਵਾਜ ਦੇ ਨਾਮਾਂ ਦੀ ਚਰਚਾ ਜ਼ੋਰਾਂ ‘ਤੇ ਹੈ।


