

ਧਨੌਲਾ ਨਗਰ ਕੌਂਸਲ ਚੋਣਾਂ: ਵਾਰਡ ਨੰਬਰ 12 ’ਚ ਹਰਜੀਤ ਸਿੰਘ ਜੀਤੀ ਦੀ ਮੁਹਿੰਮ ਨੇ ਫੜਿਆ ਜ਼ੋਰ
ਟਰੱਕ ਨਿਸ਼ਾਨ ਵਾਲੇ ਆਜ਼ਾਦ ਉਮੀਦਵਾਰ ਨੇ ਘਰ-ਘਰ ਜਾ ਕੇ ਮੰਗਿਆ ਸਮਰਥਨ, ਲੋਕਾਂ ਨੂੰ ਦਿੱਤਾ ਵਿਕਾਸ ਅਤੇ ਪਾਰਦਰਸ਼ੀ ਪ੍ਰਸ਼ਾਸਨ ਦਾ ਭਰੋਸਾ
ਧਨੌਲਾ, 23 ਮਈ (ਹਿਮਾਂਸ਼ੂ ਗੋਇਲ) : ਨਗਰ ਕੌਂਸਲ ਧਨੌਲਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਦਿਨੋਂ-ਦਿਨ ਹੋਰ ਗਰਮਾਉਂਦਾ ਜਾ ਰਿਹਾ ਹੈ। ਵੱਖ-ਵੱਖ ਵਾਰਡਾਂ ਵਿੱਚ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਨੂੰ ਪੂਰੀ ਤਾਕਤ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਵਾਰਡ ਨੰਬਰ 12 ਤੋਂ ਟਰੱਕ ਚੋਣ ਨਿਸ਼ਾਨ ’ਤੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੇ ਹਰਜੀਤ ਸਿੰਘ ਜੀਤੀ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਵਾਰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਆਪਣੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ।

ਚੋਣ ਪ੍ਰਚਾਰ ਦੌਰਾਨ ਹਰਜੀਤ ਸਿੰਘ ਜੀਤੀ ਨੂੰ ਕਈ ਥਾਵਾਂ ’ਤੇ ਲੋਕਾਂ ਵੱਲੋਂ ਭਰਪੂਰ ਸਵਾਗਤ ਵੀ ਮਿਲਿਆ। ਉਨ੍ਹਾਂ ਲੋਕਾਂ ਨਾਲ ਰੂਬਰੂ ਹੋ ਕੇ ਵਾਰਡ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਵਾਰਡ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਵਾਰਡ ਵਿੱਚ ਗਲੀਆਂ ਅਤੇ ਨਾਲੀਆਂ ਦੀ ਮੁਰੰਮਤ, ਸਾਫ਼-ਸਫ਼ਾਈ ਪ੍ਰਬੰਧ, ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਅਤੇ ਸਟਰੀਟ ਲਾਈਟਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਰਡ ਵਿੱਚ ਵਿਕਾਸ ਕਾਰਜ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਹਰਜੀਤ ਸਿੰਘ ਜੀਤੀ ਨੇ ਕਿਹਾ ਕਿ ਉਹ ਸਿਰਫ਼ ਚੋਣ ਜਿੱਤਣ ਲਈ ਨਹੀਂ, ਸਗੋਂ ਲੋਕਾਂ ਦੀ ਸੇਵਾ ਅਤੇ ਵਾਰਡ ਦੇ ਸਰਵਪੱਖੀ ਵਿਕਾਸ ਦੇ ਮੰਤਵ ਨਾਲ ਚੋਣ ਮੈਦਾਨ ਵਿੱਚ ਉਤਰੇ ਹਨ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਨਵਾਂ ਅਤੇ ਵਿਕਸਿਤ ਵਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਹੱਕ ਵਿੱਚ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸਮਰਥਕਾਂ ਨੇ ਵੀ ਉਨ੍ਹਾਂ ਦੀ ਜਿੱਤ ਦਾ ਦਾਅਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੁਖਪ੍ਰੀਤ ਸਿੰਘ, ਦੀਪ ਸਿੰਘ, ਰਵਿੰਦਰ ਸਿੰਘ, ਸੈਂਡੀ, ਸ਼ਰਮਾ, ਵਿਜੇ ਸ਼ਰਮਾ, ਹੈਪੀ ਸ਼ਰਮਾ, ਗੁਰਜੰਟ ਸਿੰਘ ਧਾਲੀਵਾਲ, ਹੰਸਰਾਜ ਸਿੰਘ ਅਤੇ ਹੋਰ ਕਈ ਸਮਰਥਕ ਮੌਜੂਦ ਸਨ।


