

ਧਨੌਲਾ ਨਗਰ ਕੌਂਸਲ ਚੋਣਾਂ: ਵਾਰਡ ਨੰਬਰ 01 ਬਣਿਆ ਸਭ ਤੋਂ ਵੱਡਾ ਸਿਆਸੀ ਅਖਾੜਾ
ਆਜ਼ਾਦ ਉਮੀਦਵਾਰ ਹਰਦੀਪ ਕੌਰ ਅਤੇ ‘ਆਪ’ ਦੀ ਰਣਜੀਤ ਕੌਰ ਵਿਚਕਾਰ ਫਸਵਾਂ ਮੁਕਾਬਲਾ, ਪੂਰੇ ਜ਼ਿਲ੍ਹੇ ਵਿੱਚ ਚਰਚੇ
ਧਨੌਲਾ, 23 ਮਈ (ਹਿਮਾਂਸ਼ੂ ਗੋਇਲ)
ਨਗਰ ਕੌਂਸਲ ਧਨੌਲਾ ਦੀਆਂ 26 ਮਈ 2026 ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਵਾਰਡ ਨੰਬਰ 01 ਇਸ ਵਾਰ ਖਾਸ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਵਾਰਡ ਵਿੱਚ ਆਜ਼ਾਦ ਉਮੀਦਵਾਰ ਹਰਦੀਪ ਕੌਰ (ਚੋਣ ਨਿਸ਼ਾਨ ਟਰੱਕ) ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਜੀਤ ਕੌਰ (ਚੋਣ ਨਿਸ਼ਾਨ ਝਾੜੂ) ਵਿਚਕਾਰ ਕੜਾ ਅਤੇ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ।
ਚੋਣ ਪ੍ਰਚਾਰ ਦਿਨੋਂ-ਦਿਨ ਗਰਮ ਹੁੰਦਾ ਜਾ ਰਿਹਾ ਹੈ ਅਤੇ ਦੋਵੇਂ ਧਿਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਵਾਰਡ ਦੇ ਲੋਕ ਵੀ ਇਸ ਚੋਣ ਨੂੰ ਬਹੁਤ ਗੰਭੀਰਤਾ ਅਤੇ ਦਿਲਚਸਪੀ ਨਾਲ ਦੇਖ ਰਹੇ ਹਨ, ਜਿਸ ਕਾਰਨ ਇਹ ਸੀਟ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।
ਖਾਸ ਗੱਲ ਇਹ ਹੈ ਕਿ ਰਣਜੀਤ ਕੌਰ ਸੋਢੀ ਪਿਛਲੀ ਟਰਮ ਦੇ ਪ੍ਰਧਾਨ ਹਨ ਅਤੇ ਆਮ ਆਦਮੀ ਪਾਰਟੀ ਦੇ ਮਜ਼ਬੂਤ ਚਿਹਰੇ ਵਜੋਂ ਮੰਨੇ ਜਾਂਦੇ ਹਨ। ਦੂਜੇ ਪਾਸੇ ਹਰਦੀਪ ਕੌਰ ਦੇ ਪਤੀ ਹਰਬੰਸ ਸਿੰਘ “ਬੰਸਾ ਚਾਹ ਵਾਲੇ” ਸਮਾਜ ਸੇਵਾ ਕਾਰਜਾਂ ਕਰਕੇ ਇਲਾਕੇ ਵਿੱਚ ਜਾਣੇ ਜਾਂਦੇ ਹਨ। ਉਹ ਕਾਫ਼ੀ ਸਮੇਂ ਤੱਕ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ, ਪਰ ਮੌਜੂਦਾ ਸਮੇਂ ਵਿੱਚ ਪਾਰਟੀ ਛੱਡ ਆਪਣੀ ਪਤਨੀ ਨੂੰ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿੱਚ ਉਤਾਰ ਕੇ ਸਿਆਸੀ ਮਾਹੌਲ ਨੂੰ ਹੋਰ ਵੀ ਰੁਚਿਕਰ ਬਣਾ ਦਿੱਤਾ ਹੈ।
ਲੋਕਾਂ ਵਿਚ ਇਹ ਗੱਲ ਵੀ ਚਰਚਾ ਵਿੱਚ ਹੈ ਕਿ ਇੱਕ ਆਮ ਅਤੇ ਸਾਦੇ ਪਰਿਵਾਰ ਦੀ ਮਹਿਲਾ ਦਾ ਵੱਡੇ ਸਿਆਸੀ ਪਰਿਵਾਰ ਦੇ ਮੁਕਾਬਲੇ ਵਿੱਚ ਡਟ ਕੇ ਚੋਣ ਲੜਨਾ ਲੋਕਤੰਤਰ ਦੀ ਤਾਕਤ ਨੂੰ ਦਰਸਾਉਂਦਾ ਹੈ। ਵਾਰਡ ਨੰਬਰ 01 ਵਿੱਚ ਹਰ ਵੋਟ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਮਾਹਿਰਾਂ ਦੇ ਮੁਤਾਬਕ ਨਤੀਜੇ ਆਖ਼ਰੀ ਪਲਾਂ ਤੱਕ ਰੋਮਾਂਚਕ ਰਹਿ ਸਕਦੇ ਹਨ।
ਪੇਸ਼ਕਸ਼:ਹਿਮਾਂਸ਼ੂ ਗੋਇਲ, ਧਨੌਲਾ
theepapers.com


