

ਆਪਣੇ ਖਿਲਾਫ ਉੱਠਣ ਵਾਲੀ ਆਵਾਜ ਨੂੰ ਪਰਚੇ ਕਰਕੇ ਬੰਦ ਕਰਨਾ ਚਾਹੁੰਦੀ ਹੈ ਭਗਵੰਤ ਮਾਨ ਸਰਕਾਰ
ਪੱਤਰਕਾਰਾਂ ਤੇ ਹੋਏ ਪਰਚੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ-ਡੇਅਰੀਵਾਲਾ
ਮਹਿਲ ਕਲਾਂ 02 ਜਨਵਰੀ (ਹਿਮਾਂਸ਼ੂ ਗੋਇਲ) ਆਮ ਆਦਮੀ ਪਾਰਟੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਵਾਲੇ ਅਤੇ ਆਪ ਸਰਕਾਰ ਵੱਲੋਂ ਕੀਤੇ ਜਾਂਦੇ ਬੇਤਿਹਾਸਾ ਖਰਚੇ ਦੀ ਗੱਲ ਕਰਨ ਵਾਲੇ ਵਿਅਕਤੀਆਂ ਦੀ ਆਵਾਜ ਨੂੰ ਦਵਾਉਣਾ ਚਾਹੁੰਦੀ ਹੈ, ਪਰ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਆਮ ਆਦਮੀ ਦੀ ਸਰਕਾਰ ਕਿਸ ਜਾਲਮਾਨਾਂ ਰਾਹ ਤੇ ਚੱਲ ਪਈ ਹੈ ਜੋ ਆਪਣੇ ਤੇ ਕੋਈ ਵੀ ਗੱਲ ਸੁਨਣ ਨੂੰ ਤਿਆਰ ਨਹੀਂ। ਉਕਤ ਸਬਦਾਂ ਦਾ ਪ੍ਰਗਟਾਵਾ ਕਾਗਰਸ ਦੇ ਸੀਨੀਅਰ ਆਗੂ ਅਤੇ ਐਸ ਸੀ ਵਿੰਗ ਕਾਗਰਸ ਦੇ ਜਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੇਅਰੀਵਾਲਾ ਨੇ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਲੋਕਾਂ ਨੂੰ ਰਾਜਨੀਤਕ ਦਲਾਂ ਦੇ ਆਗੂਆਂ ਤੋਂ ਜੁਆਬ ਮੰਗਣ ਦੀ ਗੱਲ ਕਰਦੇ ਸਨ। ਪੰਜਾਬ ਦੇ ਸਤਿਕਾਰਿਤ ਸੀਨੀਅਰ ਆਗੂਆਂ ਦਾ ਰੱਜ ਕੇ ਮਜਾਕ ਬਣਾਉਦੇ ਸਨ। ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈਲੀਕਾਪਟਰ ਰਾਹੀ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਪੰਜਾਬ ਦੀ ਭਲਾਈ ਲਈ ਕਾਰਜ ਕਰਨ ਜਾਂਦੇ ਸਨ, ਤਾਂ ਮੈਬਰ ਪਾਰਲੀਮੈਂਟ ਹੁੰਦਿਆਂ ਸਾਬਕਾ ਮੁੱਖ ਮੰਤਰੀ ਤੇ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਸਨ। ਪੰਜਾਬ ਦਾ ਪੱਤਰਕਾਰ ਭਾਈਚਾਰਾ ਲੋਕਾਂ ਦੀ ਅਵਾਜ ਹੈ ਜਿਸ ਨੇ ਹਰ ਸਰਕਾਰ ਤੱਕ ਲੋਕਾਂ ਦੀ ਆਵਾਜ ਨੂੰ ਪੁੱਜਦਾ ਕਰਨਾ ਹੁੰਦਾ ਅਤੇ ਸਰਕਾਰ ਦੇ ਹਰ ਗਲਤ ਕੰਮ ਦਾ ਤਰਕ ਨਾਲ ਵਿਰੋਧ ਕਰਨਾ ਹੁੰਦਾ ਹੈ, ਕਿਸੇ ਵੀ ਸਰਕਾਰ ਨੇ ਅਜਿਹੇ ਕਦਮ ਨਹੀਂ ਚੱਕੇ ਸਨ ਕਿ ਲੋਕਾਂ ਦੀ ਆਵਾਜ ਹੀ ਰੋਲ ਕੇ ਰੱਖ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਕੁਝ ਪੰਜਾਬ ਪ੍ਰਸਤ ਪੱਤਰਕਾਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਦੇਸ ਦੌਰੇ ਦੌਰਾਨ ਹੈਲੀਕਾਪਟਰ ਦੀ ਹੋ ਰਹੀ ਨਜਾਇਜ ਦੁਰਵਰਤੋ ਨੂੰ ਲੈ ਕੇ ਸੁਵਾਲ ਉਠਾਏ ਸਨ ਕਿ ਆਖਰ ਕੌਣ ਪੰਜਾਬ ਦੇ ਲੋਕਾਂ ਲਈ ਚਲਾਇਆ ਜਾਣ ਵਾਲਾ ਹੈਲੀਕਾਪਟਰ ਪੰਜਾਬ ਦੇ ਖਰਚੇ ਤੇ ਚਲਾ ਰਿਹਾ ਸੀ। ਪਰ ਪੰਜਾਬ ਸਰਕਾਰ ਉਸ ਸੱਚ ਦੀ ਆਵਾਜ ਦਾ ਗਲਾ ਘੁੱਟ ਰਹੇ ਹੈ ਜਦਕਿ ਚਾਹੀਦਾ ਤਾਂ ਇਸ ਸੁਆਲ ਦਾ ਜੁਆਬ ਦੇਣਾ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਖਜਾਨੇ ਦੀ ਲੁੱਟ ਦਾ ਪੈਸਾ ਦਿੱਲੀ ਦੇ ਹਾਰੇ ਹੋਏ ਆਗੂ ਦੋਵੇ ਹੱਥੀ ਲੁੱਟ ਰਹੇ ਹਨ ਜਦਕਿ ਪੰਜਾਬ ਦੇ ਆਪ ਵਿਧਾਇਕ ਚੁੱਪ ਰਾਹੀ ਪੈਸਾ ਲਟਾਉਣ ਦੀ ਖੁੱਲ ਦੇ ਰਹੇ ਹਨ। ਪੰਜਾਬ ਦੇ ਵਿਧਾਇਕ ਦੀ ਚੁੱਪ ਨੂੰ ਪੰਜਾਬ ਦੇ ਲੋਕ ਦੇਖ ਰਹੇ ਹਨ ਜਿਸ ਕਰਕੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਰ ਗੱਲ ਦਾ ਜਵਾਬ ਵੋਟ ਰਾਹੀ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਮਿੰਟੂ ਗੁਰੂਸਰੀਆ, ਲੋਕ ਆਵਾਜ ਚੈਨਲ ਦੇ ਪੱਤਰਕਾਰ ਮਨਜਿੰਦਰ ਸਿੰਘ ਸਿੱਧੂ ਸਮੇਤ ਜਿੰਨ੍ਹਾਂ ਪੱਤਰਕਾਰ ਭਰਾਵਾਂ ਤੇ ਪਰਚਾ ਕੀਤਾ ਗਿਆ ਹੈ, ਅਸੀ ਉਸਦੀ ਸਖਤ ਨਿੰਦਾ ਕਰਦੇ ਹਾਂ। ਜਦੋਂ ਵੀ ਪੱਤਰਕਾਰ ਭਾਈਚਾਰਾ ਜਾਂ ਜਥੇਬੰਦੀਆਂ ਸੰਘਰਸ਼ ਲਈ ਆਵਾਜ ਦੇਣਗੀਆਂ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਹੱਕਾਂ ਪ੍ਰਤੀ ਲਾਮਬੰਦ ਹੁੰਦੇ ਹੋਏ, ਧੱਕੇ ਨਾਲ ਪੰਜਾਬ ਦੀ ਆਵਾਜ ਨੂੰ ਦੱਬਣ ਦਾ ਯਤਨ ਕਰਨ ਵਾਲੇ ਲੋਕਾਂ ਦੀ ਪਹਿਚਾਣ ਕਰ ਲੈਣ ਤਾਂ ਜੋ ਫਿਰ ਅਜਿਹੇ ਪੰਜਾਬ ਦਾ ਪੈਸਾ ਬਰਬਾਦ ਕਰਨ ਵਾਲੇ ਲੋਕਾਂ ਨੂੰ ਸਿਆਸਤ ਵਿੱਚੋ ਚੱਲਦਾ ਕੀਤਾ ਜਾ ਸਕੇ ਅਤੇ ਪੰਜਾਬ ਦੀ ਭਲਾਈ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਅੱਗੇ ਲਿਆ ਕੇ ਸਰਕਾਰ ਸਥਾਪਤ ਕੀਤੀ ਜਾਵੇ। ਉਹਨਾਂ ਕਿਹਾ ਕਿ ਹਲਕਾ ਮਹਿਲ ਕਲਾਂ ਵਿੱਚ ਸਮੂਹ ਕਾਗਰਸ ਪਾਰਟੀ ਦੇ ਵਰਕਰਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਧੱਕੇਸਾਹੀ ਖਿਲਾਫ ਆਵਾਜ ਬੁਲੰਦ ਕੀਤੀ ਜਾਵੇਗੀ।


