

ਹੌਂਸਲੇ ਅੱਗੇ ਹਾਰ ਗਈ ਅਸਮਰਥਤਾ: ਬਰਨਾਲਾ ਦਾ ਹਰਦਿਕ ਕੌਸ਼ਲ ਬਣਿਆ ਰਾਜਸਥਾਨ ਜੁਡੀਸ਼ੀਅਲ ਸਰਵਿਸ ਦਾ ਜੱਜ
ਬਰਨਾਲਾ(ਹਿਮਾਂਸ਼ੂ ਗੋਇਲ):- ਕਹਾਵਤ ਹੈ ਕਿ ਮਜ਼ਬੂਤ ਇਰਾਦਿਆਂ ਵਾਲੇ ਇਨਸਾਨ ਨੂੰ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ। ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਬਰਨਾਲਾ ਦੇ ਨੌਜਵਾਨ ਹਰਦਿਕ ਕੌਸ਼ਲ ਨੇ, ਜਿਨ੍ਹਾਂ ਨੇ ਸਰੀਰਕ ਅਸਮਰਥਤਾ ਦੇ ਬਾਵਜੂਦ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕਰਕੇ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ।
ਹਰਦਿਕ ਕੌਸ਼ਲ ਇੱਕ ਸੱਭਿਆਚਾਰਕ ਅਤੇ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧਤ ਹਨ। ਉਹ ਮਰਹੂਮ ਡਾ. ਵਿਨੀਤ ਕੌਸ਼ਲ ਦੇ ਪੁੱਤਰ ਹਨ। ਉਨ੍ਹਾਂ ਦੀ ਮਾਤਾ ਸ਼ਾਲਿਨੀ ਕੌਸ਼ਲ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿੱਚ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੀ ਹਨ। ਹਰਦਿਕ ਆਪਣੇ ਨਾਨਾ, ਪ੍ਰਸਿੱਧ ਵਕੀਲ ਅਤੇ ਸਮਾਜ ਸੇਵੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਚੇਅਰਮੈਨ ਐਸ.ਡੀ. ਸਭਾ ਬਰਨਾਲਾ) ਦੇ ਦੋਹਤੇ ਹਨ।

ਹਰਦਿਕ ਨੇ ਕਾਨੂੰਨ ਦੀ ਪੜ੍ਹਾਈ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਤੋਂ ਪੂਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਗੁਰਗਾਂਵ ਤੋਂ ਐਲਐਲਐਮ ਦੀ ਡਿਗਰੀ ਪ੍ਰਾਪਤ ਕੀਤੀ। ਸਰੀਰਕ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਕਦੇ ਵੀ ਆਪਣੇ ਸੁਪਨੇ ਤੋਂ ਹਾਰ ਨਹੀਂ ਮੰਨੀ ਅਤੇ ਲਗਾਤਾਰ ਮਿਹਨਤ ਨਾਲ ਆਪਣਾ ਮਕਸਦ ਹਾਸਲ ਕੀਤਾ।
ਉਨ੍ਹਾਂ ਦੀ ਇਹ ਕਾਮਯਾਬੀ ਸਿਰਫ਼ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਬਰਨਾਲਾ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ। ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਖੇਤਰਾਂ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਹਰਦਿਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਸਫਲਤਾ ਪਿੱਛੇ ਮਾਤਾ ਅਤੇ ਨਾਨਾ ਦੀ ਪ੍ਰੇਰਣਾ
ਹਰਦਿਕ ਕੌਸ਼ਲ ਨੇ ਆਪਣੀ ਕਾਮਯਾਬੀ ਦਾ ਸਿਰਾ ਆਪਣੀ ਮਾਤਾ ਸ਼ਾਲਿਨੀ ਕੌਸ਼ਲ ਅਤੇ ਆਪਣੇ ਨਾਨਾ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੂੰ ਦਿੰਦੇ ਹੋਏ ਕਿਹਾ ਕਿ ਪਰਿਵਾਰ ਦੇ ਮਾਰਗਦਰਸ਼ਨ ਅਤੇ ਹੌਂਸਲੇ ਨੇ ਉਨ੍ਹਾਂ ਨੂੰ ਹਰ ਮੁਸ਼ਕਲ ਘੜੀ ਵਿੱਚ ਅੱਗੇ ਵਧਣ ਦੀ ਤਾਕਤ ਦਿੱਤੀ। ਉਨ੍ਹਾਂ ਆਪਣੀ ਇਹ ਉਪਲਬਧੀ ਆਪਣੇ ਮਰਹੂਮ ਪਿਤਾ ਡਾ. ਵਿਨੀਤ ਕੌਸ਼ਲ ਦੀ ਯਾਦ ਨੂੰ ਸਮਰਪਿਤ ਕੀਤੀ।
ਨੌਜਵਾਨਾਂ ਲਈ ਹਰਦਿਕ ਦਾ ਸੁਨੇਹਾ
ਹਰਦਿਕ ਕੌਸ਼ਲ ਨੇ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਕਦੇ ਵੀ ਆਪਣੀਆਂ ਕਮੀਆਂ ਨੂੰ ਆਪਣੀ ਕਮਜ਼ੋਰੀ ਨਾ ਬਣਨ ਦਿਓ। ਜ਼ਿੰਦਗੀ ਵਿੱਚ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ, ਪਰ ਦ੍ਰਿੜ ਨਿਸ਼ਚੈ ਅਤੇ ਸਚੀ ਮਿਹਨਤ ਨਾਲ ਹਰ ਮਕਸਦ ਹਾਸਲ ਕੀਤਾ ਜਾ ਸਕਦਾ ਹੈ। ਆਤਮ-ਵਿਸ਼ਵਾਸ ਹੀ ਸਫਲਤਾ ਦੀ ਸਭ ਤੋਂ ਵੱਡੀ ਕੁੰਜੀ ਹੈ।
ਸਮਾਜ ਲਈ ਪ੍ਰੇਰਣਾਦਾਇਕ ਮਿਸਾਲ
ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਐੱਮ.ਡੀ. ਸ਼ਿਵ ਸਿੰਗਲਾ ਨੇ ਹਰਦਿਕ ਦੀ ਕਾਮਯਾਬੀ ’ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਉਪਲਬਧੀ ਉਨ੍ਹਾਂ ਸਾਰੇ ਨੌਜਵਾਨਾਂ ਲਈ ਪ੍ਰੇਰਣਾ ਹੈ ਜੋ ਮੁਸ਼ਕਲਾਂ ਦੇ ਡਰ ਨਾਲ ਆਪਣੇ ਸੁਪਨੇ ਅਧੂਰੇ ਛੱਡ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਰਦਿਕ ਵਰਗੇ ਯੋਗ ਨੌਜਵਾਨਾਂ ਦਾ ਨਿਆਂਪਾਲਿਕਾ ਵਿੱਚ ਚੁਣਿਆ ਜਾਣਾ ਸਮਾਜ ਲਈ ਮਾਣ ਦੀ ਗੱਲ ਹੈ


