



ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲੱਬ ਵੱਲੋਂ ਕਰਵਾਇਆ ਗਿਆ ਸਲਾਨਾ ਫੁੱਟਬਾਲ ਟੂਰਨਾਮੈਂਟ
ਕਲੱਬ ਵੱਲੋਂ ਜਸਮੇਲ ਸਿੰਘ ਡੈਰੀਵਾਲਾ ਦਾ ਵਿਸ਼ੇਸ਼ ਸਨਮਾਨ
ਬਰਨਾਲ਼ਾ, 11 ਨਵੰਬਰ (ਹਿਮਾਂਸ਼ੂ ਗੋਇਲ)
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲੱਬ ਸ਼ੇਰਪੁਰ ਵੱਲੋਂ ਕਲੱਬ ਦੇ ਪ੍ਰਧਾਨ ਹਲੀਫ ਖ਼ਾਨ ਦੀ ਦੇਖਰੇਖ ਹੇਠ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਉੱਚ ਕੋਟੀ ਦੀਆਂ ਫੁੱਟਬਾਲ ਟੀਮਾਂ ਨੇ ਭਾਗ ਲਿਆ।

ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੀਨੀਅਰ ਕਾਂਗਰਸ ਆਗੂ, ਏਸੀਟ ਵਿਭਾਗ ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਮਹਿਲਾ ਤੋਂ ਸੰਭਾਵੀ ਉਮੀਦਵਾਰ ਜਸਮੇਲ ਸਿੰਘ ਡੈਰੀਵਾਲਾ ਨੇ ਮੁੱਖ ਅਤਿਥੀ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਮਿਲ ਕੇ ਉਨ੍ਹਾਂ ਦਾ ਹੌਸਲਾ ਵਧਾਇਆ।
ਇਸ ਮੌਕੇ ਤੇ ਬੋਲਦਿਆਂ ਜਸਮੇਲ ਸਿੰਘ ਡੈਰੀਵਾਲਾ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ। ਅਜਿਹੇ ਸਮਾਗਮ ਜਿੱਥੇ ਖਿਡਾਰੀਆਂ ਵਿੱਚ ਆਪਸੀ ਤਾਲਮੇਲ ਵਧਾਉਂਦੇ ਹਨ, ਉਥੇ ਹੀ ਨਵੀਆਂ ਤਕਨੀਕਾਂ ਨਾਲ ਜਾਣੂ ਹੋਣ ਦਾ ਮੌਕਾ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਪ੍ਰਤੀਕ ਨਹੀਂ, ਸਗੋਂ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਦੀਆਂ ਹਨ।

ਉਨ੍ਹਾਂ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਖੇਡ ਸਮਾਗਮ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਬਚਾਉਣ ਵਿੱਚ ਬਹੁਤ ਸਹਾਇਕ ਸਾਬਤ ਹੋਣਗੇ।
ਇਸ ਮੌਕੇ ਕਲੱਬ ਵੱਲੋਂ ਜਸਮੇਲ ਸਿੰਘ ਡੈਰੀਵਾਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਫੁੱਟਬਾਲ ਕੋਚ ਰਾਜਵਿੰਦਰ ਸਿੰਘ ਰਾਜੂ, ਗੁਰਪ੍ਰੀਤ ਸਿੰਘ ਗੋਰਾ ਥਿੰਦ (ਮੈਂਬਰ ਪੰਚਾਇਤ), ਗੁਰਦੀਪ ਸ਼ਰਮਾ, ਗਗਨ ਧਾਲੀਵਾਲ, ਜਸਪਾਲ ਸਿੰਘ (ਮੈਨੇਜਰ ਐਸਬੀਆਈ), ਐਡਵੋਕੇਟ ਦਿਨੇਸ਼ ਕੁਮਾਰ, ਗੱਗੂ ਸ਼ੇਰਪੁਰੀਆ, ਕਾਲਾ ਮਾਮਦਪੁਰ, ਅਮਨਦੀਪ ਸਿੰਘ ਧਾਲੀਵਾਲ, ਗੱਗੀ ਚੱਢਾ ਸਮੇਤ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।


