



ਪਿੰਡ ਸੇਖਾ ਟਰਿਪਲ ਮਰਡਰ ਮਾਮਲਾ ਸੁਲਝਿਆ, ਬਰਨਾਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਬਰਨਾਲਾ-(ਹਿਮਾਂਸ਼ੂ ਗੋਇਲ)-
ਜ਼ਿਲਾ ਬਰਨਾਲਾ ਦੇ ਪਿੰਡ ਸੇਖਾ ਵਿਖੇ ਹੋਏ ਟਰਿਪਲ ਮਰਡਰ ਕੇਸ ਨੂੰ ਸੁਲਝਾਉਂਦੇ ਹੋਏ ਬਰਨਾਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਮਿਤੀ 26/10/2025 ਨੂੰ ਪਿੰਡ ਸੇਖਾ ਥਾਣਾ ਸਦਰ ਬਰਨਾਲਾ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ, ਜਿਨਾਂ ਦੇ ਨਾਮ ਕਿਰਨਜੀਤ ਕੌਰ ਪਤਨੀ ਸਤਪਾਲ ਸਿੰਘ, ਸੁਖਚੈਨਪ੍ਰੀਤ ਕੌਰ ਪੁੱਤਰੀ ਸਤਪਾਲ ਸਿੰਘ ਤੇ ਹਰਮਨਜੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀਆਂ ਸੇਖਾ ਦੀ ਗੁਮਸ਼ੁਦਗੀ ਦੀ ਸ਼ਿਕਾਇਤ ਥਾਣਾ ਸਦਰ ਬਰਨਾਲਾ ਵਿਖੇ ਪ੍ਰਾਪਤ ਹੋਈ ਸੀ। ਉਹਨਾਂ ਦੱਸਿਆ ਕਿ ਤਫਤੀਸ਼ ਦੇ ਦੌਰਾਨ ਪਿੰਡ ਸੇਖਾ ਦੇ ਰਹਿਣ ਵਾਲੇ ਕੁਲਵੰਤ ਸਿੰਘ ਕਾਂਤੀ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਜੋ ਕਿ ਲਾਪਤਾ ਪਰਿਵਾਰ ਦੇ ਬਹੁਤ ਨੇੜੇ ਸੀ। ਡੀਐਸਪੀ ਸਤਵੀਰ ਸਿੰਘ ਬੈਂਸ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਜੀਤ ਸਿੰਘ ਮੁੱਖ ਥਾਣਾ ਅਫਸਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਕੁਲਵੰਤ ਸਿੰਘ ਵਿਰਧ ਐਫਆਈਆਰ ਨੰਬਰ 181 ਮਿਤੀ 04/11/ 2025 ਧਾਰਾ 140(1), 127(2) ਬੀ ਐਨਐਸ ਥਾਣਾ ਸਦਰ ਬਰਨਾਲਾ ਅਧੀਨ ਮੁਕੱਦਮਾ ਦਰਜ ਕਰਕੇ ਕਾਬੂ ਕਰ ਲਿਆ ਗਿਆ। ਤਫਤੀਸ਼ ਦੌਰਾਨ ਉਕਤ ਦੋਸ਼ੀ ਨੇ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਧੱਕਾ ਦੇ ਕੇ ਉਪਰੋਕਤ ਪਰਿਵਾਰ ਦੇ ਸਾਰੇ ਤਿੰਨ ਮੈਂਬਰਾਂ ਦੇ ਕਤਲ ਕਰਨਾ ਸਾਹਮਣੇ ਆਇਆ ਹੈਉਹਨਾਂ ਦੱਸਿਆ ਕਿ ਇਸ ਕੇਸ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਦੇ ਪੀੜਿਤ ਕਿਰਨਜੀਤ ਕੌਰ ਨਾਲ ਕਾਫੀ ਲੰਬੇ ਸਮੇਂ ਤੋਂ ਦੋਸਤਾਨਾ ਸਬੰਧ ਸਨ। ਜਿਸ ਨੇ ਕਿਰਨਜੀਤ ਕੌਰ ਦੀ ਜਮੀਨ ਵੇਚਣ ਤੋਂ ਬਾਅਦ ਪ੍ਰਾਪਤ ਹੋਏ ਲਗਭਗ 20 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ। ਜਿਸ ਨੂੰ ਕਿਰਨਜੀਤ ਕੌਰ ਕੁਝ ਸਮੇਂ ਤੋਂ ਆਪਣੇ ਪੈਸਿਆਂ ਦੀ ਮੰਗ ਕਰ ਰਹੇ ਸੀ। ਜਿਸ ਦੇ ਚਲਦਿਆਂ ਦੋਸ਼ੀ ਕੁਲਵੰਤ ਸਿੰਘ ਨੇ ਮਿਤੀ 26/10/2025 ਦੀ ਰਾਤ ਨੂੰ ਮਾਤਾ ਨੈਣਾ ਦੇਵੀ ਦੀ ਯਾਤਰਾ ਦੇ ਬਹਾਨੇ ਪੂਰੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਜਿਸ ਨੇ ਵਾਪਸ ਆਉਂਦੇ ਸਮੇਂ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਨਾਰੀਅਲ ਤੇ ਮਿੱਠੇ ਚੌਲ ਚੜਾਉਣ ਦਾ ਬਹਾਨਾ ਬਣਾ ਕੇ ਕਿਰਨਜੀਤ ਕੌਰ, ਸੁਖਚੈਨਪ੍ਰੀਤ ਕੌਰ ਅਤੇ ਹਰਮਨਜੀਤ ਸਿੰਘ ਨੂੰ ਨਹਿਰ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਕਤ ਦੋਸ਼ੀ ਨੂੰ ਮਾਣਯੋਗ ਅਦਾਲਤਾਂ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ


