



ਰਜਿੰਦਰ ਗੁਪਤਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਸੰਵਿਧਾਨਕ ਸਹੁੰ ਚੁੱਕੀ; ਭਾਰਤ ਦੇ ਉਪ ਰਾਸ਼ਟਰਪਤੀ ਵੱਲੋਂ ਸਹੁੰ ਦਿਵਾਈ ਗਈ
ਰਾਜਿੰਦਰ ਗੁਪਤਾ ਨੇ ਪੰਜਾਬੀ ‘ਚ ਚੁੱਕੀ ਸਹੁੰ
ਬਰਨਾਲਾ(ਹਿਮਾਂਸ਼ੂ ਗੋਇਲ)
ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਦਿੱਗਜ ਉਦਯੋਗਪਤੀ ਰਾਜਿੰਦਰ ਗੁਪਤਾ ਨੇ ਅੱਜ (ਵੀਰਵਾਰ) ਨੂੰ ਨਵੀਂ ਦਿੱਲੀ ਵਿਖੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਹ ਸਹੁੰ ਚੁੱਕ ਸਮਾਗਮ ਸੰਸਦ ਭਵਨ ਵਿਖੇ ਹੋਇਆ, ਜਿੱਥੇ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਨੂੰ ਪਿਛਲੇ ਮਹੀਨੇ ਹੀ ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣਿਆ ਗਿਆ ਸੀ। ਗੁਪਤਾ ਨੂੰ ਭਾਰਤ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੇ ਟ੍ਰਾਈਡੈਂਟ ਗਰੁੱਪ ਨੂੰ ਕੱਪੜਾ, ਕਾਗਜ਼, ਊਰਜਾ ਅਤੇ ਰਸਾਇਣ ਦੇ ਖੇਤਰ ਵਿੱਚ ਇੱਕ ਵਿਸ਼ਵ-ਪੱਧਰੀ ਸਮੂਹ ਬਣਾਇਆ ਹੈ।
ਇੱਕ ਉੱਦਮੀ ਹੋਣ ਤੋਂ ਇਲਾਵਾ, ਰਾਜਿੰਦਰ ਗੁਪਤਾ ਇੱਕ ਪ੍ਰਸਿੱਧ ਪਰਉਪਕਾਰੀ ਵੀ ਹਨ। ਉਹ ਸਿਹਤ, ਸਿੱਖਿਆ ਹੁਨਰ ਵਿਕਾਸ ਅਤੇ ਰੁਜ਼ਗਾਰ ਨਾਲ ਜੁੜੇ ਕਈ ਕੰਮਾਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ, ਖਾਸ ਕਰਕੇ ਪੇਂਡੂ ਨੌਜਵਾਨਾਂ ਅਤੇ ਔਰਤਾਂ ਲਈ।
ਇਸ ਸਹੁੰ ਚੁੱਕ ਸਮਾਗਮ ਦੇ ਨਾਲ ਹੀ, ਰਾਜਿੰਦਰ ਗੁਪਤਾ ਦੀ ਸੰਸਦੀ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ। ਉਮੀਦ ਹੈ ਕਿ ਉਹ ਉਦਯੋਗ, ਨਵੀਨਤਾ ਅਤੇ ਸਮਾਜ ਭਲਾਈ ਦੇ ਆਪਣੇ ਲੰਬੇ ਤਜ਼ਰਬੇ ਦਾ ਯੋਗਦਾਨ ਕੌਮੀ ਨੀਤੀ-ਨਿਰਮਾਣ ਅਤੇ ਪੰਜਾਬ ਦੇ ਵਿਕਾਸ ਲਈ ਕਰਨਗੇ।


