
ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟਖੋਰੀ ਸਿਖਰਾਂ ‘ਤ
ਗੁਲਾਬ ਜਾਮਣਾਂ ‘ਚੋਂ ਨਿਕਲ ਰਹੀਆਂ ਨੇਂ ਮੀਂਗਣਾ
ਅਮਰਗੜ੍ਹ,01ਅਕਤੂਬਰ (ਵਤਨ ਬਾਠ)-ਤਿਉਹਾਰਾਂ ਨੂੰ ਹਮੇਸ਼ਾ ਹੀ ਖੁਸ਼ੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ,ਜਿਸ ਦੌਰਾਨ ਲੋਕਾਂ ਵੱਲੋਂ ਆਪਣੇ ਰਿਸ਼ਤੇਦਾਰਾਂ,ਸਕੇ ਸਬੰਧੀਆਂ ਤੇ ਸਨੇਹੀਆਂ ਨੂੰ ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਕੇ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਵਧੀ ਮਿਠਾਈ ਦੀ ਮੰਗ ਦੇ ਮੱਦੇ ਨਜ਼ਰ ਮਿਠਾਈ ਵਿਕਰੇਤਾਵਾਂ ਵੱਲੋਂ ਜਿੱਥੇ ਕਾਫੀ ਸਮਾਂ ਪਹਿਲਾਂ ਹੀ ਮਿਠਾਈਆਂ ਬਣਾ ਕੇ ਸਟੋਰ ਕੀਤੀਆਂ ਜਾਂਦੀਆਂ ਹਨ,ਉੱਥੇ ਹੀ ਨਕਲੀ ਤੇ ਘਟੀਆ ਮਿਆਰ ਦੀਆਂ ਮਠਿਆਈਆਂ ਦਾ ਵੀ ਇਨ੍ਹਾਂ ਦਿਨਾਂ ਵਿੱਚ ਹੜ੍ਹ ਜਿਹਾ ਆ ਜਾਂਦਾ ਹੈ। ਉੱਪਰੋਂ ਵੱਖ-ਵੱਖ ਰੰਗਾਂ ਨਾਲ ਸਜੀਆਂ ਤੇ ਖੂਬਸੂਰਤ ਦਿਸਣ ਵਾਲੀਆਂ ਮਿਠਾਈਆਂ ਕਿੰਨਾ ਹਾਲਾਤਾਂ ਤੇ ਕਿਸ ਮਟੀਰੀਅਲ ਤੋਂ ਬਣੀਆਂ ਹਨ,ਇਹ ਸਭ ਤੋਂ ਅਣਜਾਣ ਲੋਕ ਅਜਿਹੀਆਂ ਮਠਿਆਈਆਂ ਖਾਅ ਕੇ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਮੁਨਾਫੇਖੋਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਆਪਣੀਆਂ ਤਿਜੋਰੀਆਂ ਭਰਨ ‘ਤੇ ਲੱਗੇ ਹੋਏ ਹਨ।
ਪਿਛਲੇ ਦਿਨੀਂ ਅਮਰਗੜ੍ਹ ਸਥਿੱਤ ਮਠਿਆਈ ਦੀ ਇੱਕ ਮਸ਼ਹੂਰ ਦੁਕਾਨ ਤੋਂ ਇੱਕ ਨੌਜਵਾਨ ਬਿੰਦਰ ਸਿੰਘ ਜਦੋਂ ਆਪਣੇ ਦੋਸਤ ਨਾਲ ਗੋਲਗੱਪੇ ਖਾਅ ਰਿਹਾ ਸੀ,ਤਾਂ ਵਿੱਚੋਂ ਨਿਕਲੀ ਮਰੀ ਹੋਈ ਮੱਕੜੀ ਦੇਖ ਕੇ ਜਦੋਂ ਉਸਨੇ ਦੁਕਾਨ ਮਾਲਕ ਦੇ ਧਿਆਨ ‘ਚ ਲਿਆਂਦਾ ਤਾਂ ਉਨ੍ਹਾਂ ਸਿਰਫ਼ ਇਨ੍ਹਾਂ ਹੀ ਕਿਹਾ ਕਿ ‘ਕੋਈ ਗੱਲ ਨਹੀਂ ਹੋਰ ਲੈ ਲਓ’।
ਇਸੇ ਤਰ੍ਹਾਂ ਅਮਰਗੜ੍ਹ ਵਾਸੀ ਲਾਲ ਸਿੰਘ ਜਦੋਂ ਆਪਣੀ ਨਵੀਂ ਲਿਆਂਦੀ ਸਕੂਟਰੀ ਦੀ ਖੁਸ਼ੀ ‘ਚ ਉਸੇ ਮਸਹੂਰ ਦੁਕਾਨ ਤੋਂ ਗੁਲਾਬ ਜਾਮਣਾਂ ਦੇ ਲਿਆਂਦੇ ਡੱਬੇ ਦਾ ਮੱਥਾ ਟੇਕਣ ਉਪਰੰਤ ਬਾਬਾ ਗਿਆਨ ਦਾਸ ਮਾਰਕੀਟ ‘ਚ ਸਥਿਤ ਮਿਸਤਰੀ ਨੂੰ ਉਸ ਦਾ ਮੂੰਹ ਮਿੱਠਾ ਕਰਵਾਉਣ ਲਈ ਉਸਨੂੰ ਗੁਲਾਬ ਜਾਮਣ ਦਿੱਤੀ ਤਾਂ ਉਸ ਵਿੱਚੋਂ ਨਿਕਲੀ ਚੂਹੇ ਜਾਂ ਸਿੱਪਕਲੀ ਦੀ ਮੀਂਗਣ ਕਾਰਨ ਮਿਸਤਰੀ ਨੂੰ ਕਈ ਦਿਨ ਉਲਟੀਆਂ ਲੱਗੀਆਂ ਰਹੀਆਂ।
ਉਪਰੋਕਤ ਦੋਵੇਂ ਘਟਨਾਵਾਂ ਦੇ ਪੀੜਤਾਂ ਸਮੇਤ ਇਲਾਕੇ ਦੇ ਲੋਕਾਂ ਤੇ ਸਮਾਜ ਸੇਵੀਆਂ ਨੇ ਫੂਡ ਸੇਫਟੀ ਵਿਭਾਗ ਨੂੰ ਕੁੰਭ ਕਰਨੀ ਨੀਂਦ ‘ਚੋਂ ਜਾਗ ਕੇ ਮਿਠਾਈਆਂ ਦੀ ਗੁਣਵੱਤਾ ਤੇ ਸਾਫ-ਸਫਾਈ ਦੀ ਜਾਂਚ ਕਰਨ ਦੀ ਅਪੀਲ ਕੀਤੀ,ਤਾਂ ਜੋ ਇਸ ਤਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।
ਕੀ ਕਹਿਣਾ ਹੈ ਫੂਡ ਸੇਫਟੀ ਅਧਿਕਾਰੀਆਂ ਦਾ ; ਇਸ ਸਬੰਧੀ ਜਦੋਂ ਫੂਡ ਸੇਫਟੀ ਅਸਿਸਟੈਂਟ ਕਮਿਸ਼ਨਰ ਜੋ ਕਿ ਪੱਕੇ ਤੌਰ ‘ਤੇ ਨਵਾਂ ਸ਼ਹਿਰ ਵਿਖੇ ਤੈਨਾਤ ਹਨ ਅਤੇ ਇੱਕ ਦਿਨ ਲਈ ਉਨ੍ਹਾਂ ਦੀ ਡਿਊਟੀ ਜਿਲ੍ਹਾ ਮਾਲੇਰਕੋਟਲਾ ‘ਚ ਹੁੰਦੀ ਹੈ ਅਤੇ ਫੂਡ ਇੰਸਪੈਕਟਰ ਸੰਦੀਪ ਸਿੰਘ ਦੇ ਧਿਆਨ ‘ਚ ਲਿਆਉਣ ਲਈ ਉਨ੍ਹਾਂ ਨਾਲ ਰਾਬਤਾ ਕਰਨਾ ਚਾਹਿਆ ਤਾਂ ਦੋਵਾਂ ਹੀ ਅਫਸਰ ਸਾਹਿਬਾਨਾਂ ਨੇ ਮੀਡੀਆ ਦਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਕੀ ਕਹਿਣਾ ਹੈ ਸਿਵਿਲ ਸਰਜਨ ਦਾ : ਜਦੋਂ ਪੂਰਾ ਮਾਮਲਾ ਸਿਵਲ ਸਰਜਨ ਡਾਕਟਰ ਸੰਜੇ ਗੋਇਲ ਦੇ ਧਿਆਨ ‘ਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਫੂਡ ਇੰਸਪੈਕਟਰ ਤੇ ਅਸਿਸਟੈਂਟ ਕਮਿਸ਼ਨਰ ਫੂਡ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਲਦ ਹੀ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ ਤੇ ਕੋਈ ਅਜਿਹਾ ਕਰਦਾ ਦੋਸੀ ਪਾਇਆ ਜਾਂਦਾ ਹੈ, ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਭਾਵੇਂ ਅਨੇਕਾਂ ਵਾਰ ਜਿਲ੍ਹੇ ਅੰਦਰ ਅਜਿਹੀਆਂ ਦੁਕਾਨਾਂ ਦੇ ਸੈਂਪਲ ਭਰੇ ਜਾਂਦੇ ਹਨ,ਪਰ ਇਤਿਹਾਸ ਗਵਾਹ ਹੈ ਕਿ ਹੁਣ ਤੱਕ ਕਿਸੇ ਵੀ ਸੈਂਪਲ ਦੀ ਰਿਪੋਰਟ ਨਾਂ ਤਾਂ ਕਦੇ ਨੈਗੇਟਿਵ ਆਈ ਸੁਣੀ ਹੈ ਅਤੇ ਨਾਂ ਹੀ ਕਿਸੇ ਮਿਲਾਵਟਖੋਰ ਨੂੰ ਮਿਸ਼ਾਲੀ ਸਜ਼ਾ ਹੀ ਮਿਲੀ ਦੇਖੀ ਹੈ। ਉਨ੍ਹਾਂ ‘ਦਾਲ ਵਿੱਚ ਕਾਲਾ’ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ‘ਤੇ ਜਲਦ ਸ਼ਿਕੰਜਾ ਕਸਿਆ ਜਾਵੇ।