
ਬਰਨਾਲਾ, 3 ਸਤੰਬਰ (ਹਿਮਾਂਸ਼ੂ ਗੋਇਲ):-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਅਤੇ ਆਈ ਹੜ੍ਹ ਕਾਰਨ ਜਿੱਥੇ ਖੇਤਾਂ, ਵਪਾਰ ਅਤੇ ਜੀਵਨ ਜਨਤ ਨੂੰ ਨੁਕਸਾਨ ਪਹੁੰਚ ਰਿਹਾ ਹੈ, ਉੱਥੇ ਸੈਂਕੜੇ ਪਰਿਵਾਰ ਅਜੇ ਵੀ ਚੋਂਦੀਆਂ ਛੱਤਾਂ ਕਾਰਨ ਤਕਲੀਫ਼ਾਂ ‘ਚ ਜੀ ਰਹੇ ਹਨ। ਇਨ੍ਹਾਂ ਹਾਲਾਤਾਂ ਵਿਚ ਆਈਲਟਸ ਅਤੇ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਵੱਲੋਂ ਲੋਕ ਭਲਾਈ ਲਈ ਵਿਸ਼ੇਸ਼ ਪਹਲ ਕਰਦਿਆਂ 105 ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ।
ਇਸ ਯਤਨ ‘ਚ ਆਪ ਦੇ ਟਰੇਡ ਵਿੰਗ ਕੋਆਰਡੀਨੇਟਰ ਬਰਨਾਲਾ ਸੰਦੀਪ ਜਿੰਦਲ ਨੋਨੀ ਸਰਾਹਣਯੋਗ ਭੂਮਿਕਾ ਨਿਭਾਈ। ਇਨ੍ਹਾਂ ਤਰਪਾਲਾਂ ਦੀ ਵੰਡ ਨਾਲ ਬਹੁਤ ਸਾਰਿਆਂ ਪਰਿਵਾਰਾਂ ਦੀਆਂ ਛੱਤਾਂ ਨੂੰ ਅਸਥਾਈ ਢੱਕਣ ਮਿਲਿਆ, ਜਿਸ ਕਾਰਨ ਮੀਂਹ ਦਾ ਪਾਣੀ ਘਰਾਂ ਵਿੱਚ ਦਾਖਲ ਹੋਣ ਤੋਂ ਰੁਕਿਆ।
ਇਸ ਮੌਕੇ ਉੱਪਸਥਿਤ ਸਦੱਸਾਂ ਵਿੱਚ ਕੁਲਵਿੰਦਰ ਸਿੰਘ ਬਿੱਟੂ, ਹਰਸ਼ਦੀਪ ਸਿੰਘ, ਬਰਿੰਦਰ ਸਿੰਘ, ਚੇਤਨ ਸਿੰਗਲਾ, ਗੁਰਦੀਪ ਸਿੰਘ, ਅਰਸ਼ਦੀਪ ਸਿੰਘ, ਵਿਕਾਸ ਭੰਡਾਰੀ, ਵਰਿੰਦਰ ਭੰਡਾਰੀ ਅਤੇ ਅਖਿਲ ਸ਼ਾਮਿਲ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਤਰਪਾਲਾਂ ਨਾਲ ਪਰਿਵਾਰਾਂ ਨੂੰ ਤੁਰੰਤ ਰਾਹਤ ਮਿਲੀ ਹੈ।
ਐਜੂਕੇਸ਼ਨ ਪੁਆਇੰਟ (ਆਈਲਟਸ) ਦੇ ਡਾਇਰੈਕਟਰ ਨਿਪੁੰਨ ਕੌਸ਼ਲ ਨੇ ਕਿਹਾ ਕਿ “ਇਸ ਮੁਸੀਬਤ ਦੀ ਘੜੀ ‘ਚ ਸਾਨੂੰ ਰਲ਼-ਮਿਲ਼ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਹਰ ਕੋਈ ਜਿੰਨਾ ਹੋ ਸਕੇ, ਅੱਗੇ ਆ ਕੇ ਆਪਣੀ ਭੂਮਿਕਾ ਨਿਭਾਏ।”
ਇਲਾਕੇ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਜਿਵੇਂ ਕਿ ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ ਬਰਨਾਲਾ, ਸੂਰਿਆਵੰਸ਼ੀ ਖੱਤਰੀ ਸਭਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਆਸਰਾ ਸੋਸ਼ਲ ਵੈੱਲਫੇਅਰ ਕਲੱਬ ਨੇ ਵੀ ਐਸੋਸੀਏਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਚੰਗੇ ਕਾਰਜਾਂ ਲਈ ਪ੍ਰੇਰਿਤ ਕੀਤਾ।