
ਵਿਧਾਇਕ ਕਾਲਾ ਢਿੱਲੋਂ ਵੱਲੋਂ ਹੜ੍ਹ ਪੀੜਤਾਂ ਲਈ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਭੇਟ
ਬਰਨਾਲਾ, 29 ਅਗਸਤ(ਹਿਮਾਂਸ਼ੂ ਗੋਇਲ)
ਪੰਜਾਬ ਵਿਚ ਹੜ੍ਹਾਂ ਦੇ ਚਲਦਿਆਂ ਬਣੀ ਭਿਆਨਕ ਸਥਿਤੀ ਵਿਚ ਜਿੱਥੇ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ‘ਤੇ ਰਾਹਤ ਕਾਰਜ ਜਾਰੀ ਹਨ, ਉੱਥੇ ਹੀ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਹੜ੍ਹ ਪੀੜਤ ਪਰਿਵਾਰਾਂ ਲਈ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਭੇਟ ਕਰਨ ਦਾ ਐਲਾਨ ਕੀਤਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਵੱਲੋਂ ਹੜ੍ਹ ਪ੍ਰਭਾਵਤ ਪਰਿਵਾਰਾਂ ਦੀ ਮਦਦ ਲਈ ਲਏ ਗਏ ਫ਼ੈਸਲੇ ਤਹਿਤ, ਵਿਧਾਇਕ ਢਿੱਲੋਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਰਾਹਤ ਕਾਰਜਾਂ ‘ਚ ਨਿਰੰਤਰ ਸ਼ਾਮਲ ਹਨ ਅਤੇ ਅੱਗੇ ਵੀ ਹਰ ਤਰ੍ਹਾਂ ਦੀ ਮਦਦ ਲਈ ਹਾਜ਼ਰ ਰਹਿਣਗੇ।
ਉਹਨਾਂ ਕਿਹਾ ਕਿ “ਇਹ ਸਮਾਂ ਆਪਸੀ ਭਾਈਚਾਰੇ ਅਤੇ ਸਾਂਝੀ ਜਿੰਮੇਵਾਰੀ ਨਿਭਾਉਣ ਦਾ ਹੈ। ਪੰਜਾਬ ਦੇ ਲੋਕ ਹਮੇਸ਼ਾ ਕੁਦਰਤੀ ਬਿਪਤਾਵਾਂ ਦਾ ਸਾਹਸ ਨਾਲ ਸਾਹਮਣਾ ਕਰਦੇ ਆਏ ਹਨ ਅਤੇ ਅਸੀਂ ਵੀ ਆਪਣੀ ਸਮਰੱਥਾ ਅਨੁਸਾਰ ਇਸ ਸਮੇਂ ਪੀੜਤਾਂ ਦੇ ਨਾਲ ਖੜੇ ਹਾਂ।”
ਵਿਧਾਇਕ ਨੇ ਕਾਂਗਰਸੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਰਟੀ ਦੀ ਰਾਹਤ ਕੋਸ਼ਿਸ਼ਾਂ ‘ਚ ਭਾਗੀਦਾਰੀ ਨਿਭਾਉਣ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਮਾਜਸੇਵਾ ਸਿਰਫ਼ ਰਾਜਨੀਤੀ ਦੀ ਹੱਦ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਹ ਇਕ ਮਨੁੱਖੀ ਫਰਜ਼ ਹੈ।
ਪੰਜਾਬ ਦੇ ਅਨੇਕਾਂ ਜ਼ਿਲ੍ਹਿਆਂ ‘ਚ ਹੋ ਰਹੇ ਲਗਾਤਾਰ ਮੀਂਹ ਅਤੇ ਹੜ੍ਹਾਂ ਕਾਰਨ ਲੋਕ ਵੱਡੀ ਮੁਸੀਬਤ ‘ਚ ਹਨ। ਐਸੇ ‘ਚ ਵਿਧਾਇਕ ਢਿੱਲੋਂ ਵੱਲੋਂ ਦਿੱਤਾ ਗਿਆ ਇਹ ਯੋਗਦਾਨ ਹੜ੍ਹ ਪੀੜਤਾਂ ਲਈ ਇੱਕ ਹੌਸਲੇ ਵਧਾਉਂਦਾ ਕਦਮ ਹੈ।