
ਕਲੱਬ ਦਾ ਹਰ ਮੈਂਬਰ ਕਰ ਚੁੱਕਾ 40 ਤੋਂ ਜਿਆਦਾ ਵਾਰ ਖੂਨਦਾਨ
ਅਮਰਗੜ੍ਹ,18 ਅਗਸਤ (ਵਤਨ ਬਾਠ)-ਲੰਮੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੇ ਵਿਗਿਆਨਕ ਅਤੇ ਵੈਲਫੇਅਰ ਕਲੱਬ ਰਜਿ.ਅਮਰਗੜ੍ਹ ਵਲੋਂ ਗੁਰੂ ਨਾਨਕ ਫੁਲਵਾੜੀ ਅਮਰਗੜ ਵਿਖੇ ਕਲੱਬ ਪ੍ਰਧਾਨ ਡਾ. ਪਵਿੱਤਰ ਸਿੰਘ ਦੀ ਅਗਵਾਈ ‘ਚ ਬੂਟੇ ਲਗਾ ਕੇ ਕਲੱਬ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਚਰਨਜੀਤ ਸਿੰਘ ਅਲੀਪੁਰ ਨੇ ਦੱਸਿਆ ਕਿ 15 ਅਗਸਤ 2008 ਤੋਂ ‘ਜਿਊਂਦੇ ਜੀਅ ਖੂਨਦਾਨ,ਮਰਨ ਉਪਰੰਤ ਅੱਖਾਂ ਦਾਨ’ ਦੇ ਮੰਤਵ ਤਹਿਤ ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ੍ਹ ਦਾ ਸੁਰੂ ਹੋਈਆ ਸਫ਼ਰ ਅੱਜ 2025 ਤੱਕ 17 ਸਾਲ ਦਾ ਸਫ਼ਰ ਤੈਅ ਕਰਦਿਆਂ ਹੁਣ ਤੱਕ 79 ਖ਼ੂਨਦਾਨ ਕੈਂਪ,84 ਅੱਖਾਂ ਦਾਨ, 2 ਸਰੀਰ ਦਾਨ,ਵਾਤਾਵਰਣ ਦੀ ਸੰਭਾਲ ਲਈ ਬੂਟੇ ਲਗਾਉਣ,ਹਰ ਸਾਲ ਬਜਾਰ ਵਿੱਚ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ,ਅੱਖਾਂ ਦਾਨ ਪ੍ਰਤੀ ਜਾਗਰੂਕ ਸੈਮੀਨਾਰ,ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਸਮੇਂ-ਸਮੇਂ ਤੇ ਸੈਮੀਨਾਰ ਗਤੀਵਿਧੀਆਂ, ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸਾਂ ‘ਚੋਂ ਲੋਕਾਂ ਨੂੰ ਕੱਢਣ ਲਈ ਨਾਟਕਾਂ ਕੋਰੀਓਗ੍ਰਾਫੀਆਂ ਦਾ ਮੰਚਨ ਕਰਨਾ,ਐਮਰਜੈਂਸੀ ਸਮੇਂ ਦੌਰਾਨ ਲੱਗਭਗ 19 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਖੂਨ ਉਪਲੱਬਧ ਕਰਾ ਚੁੱਕੇ ਹਾਂ,ਕਲੱਬ ਦਾ ਹਰ ਇੱਕ ਮੈਂਬਰ 40 ਤੋਂ ਵੱਧ ਵਾਰੀ ਤਕ ਖੂਨਦਾਨ ਕਰ ਚੁੱਕਿਆ ਹੈ । ਇਸ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਡਾ. ਪਵਿੱਤਰ ਸਿੰਘ ਜਿਲ੍ਹੇ ਚੋਂ ਪਹਿਲੇ ਵਿਅਕਤੀਆਂ ਹਨ ਜਿਨਾਂ ਨੇ 105 ਵਾਰ ਖੂਨਦਾਨ ਕਰਕੇ ਇਤਿਹਾਸ ਸਿਰਜਿਆ ਹੈ। ਉੱਪ ਪ੍ਰਧਾਨ ਗੁਰਪ੍ਰੀਤ ਸਿੰਘ ਈਸੀ ਨੇ ਕਿਹਾ ਕਿ ਭਵਿੱਖ ਵਿਚ ਵੀ ਕਲੱਬ ਵਲੋਂ ਸਮਾਜ ਸੇਵਾ ਦੇ ਕਾਰਜ ਨਿਰਵਿਘਨ ਜਾਰੀ ਰਹਿਣਗੇ।ਇਸ ਮੌਕੇ ਮਨਜੀਤ ਸਿੰਘ ਅਮਰਗਡ਼੍ਹ,ਹਰਪ੍ਰੀਤ ਸਿੰਘ ਸਿਆਣ,ਗੁਰਪ੍ਰੀਤ ਸਿੰਘ ਈਸੀ,ਗੁਰਜੀਤ ਸਿੰਘ ਬੁਰਜ ਅਤੇ ਮੁਲਾਜ਼ਮ ਆਗੂ ਅਸ਼ਵਨੀ ਜੋਸ਼ੀ ਹਾਜ਼ਰ ਸਨ।