
ਬਰਨਾਲਾ(ਬਲਵਿੰਦਰ ਅਜ਼ਾਦ):ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ ਦੇ ਸਾਂਝੇ ਫਰੰਟ ਵਲੋਂ ਸਮੁੱਚੇ ਪੰਜਾਬ ਅੰਦਰ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਮੰਗਾਂ ਸਬੰਧੀ ਸਰਕੂਲਰ ਜਾਰੀ ਕਰਵਾਉਣ ਸਬੰਧੀ ਮਿਤੀ 11,12 ਅਤੇ 13 ਅਗਸਤ ਨੂੰ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਸੀ। ਇਸੇ ਲੜੀ ਤਹਿਤ ਸਰਕਲ ਸੰਗਰੂਰ ਵਿਖੇ ਸਮੂਹਿਕ ਛੁੱਟੀ ਦੇ ਪਹਿਲੇ ਦਿਨ ਬਿਜਲੀ ਮੁਲਾਜ਼ਮਾਂ ਵਲੋਂ ਸਰਕਲ ਦਫ਼ਤਰ ਦੇ ਗੇਟ ਅੱਗੇ ਭਰਵਾਂ ਰੋਸ ਮੁਜਾਹਰਾ ਕੀਤਾ ਗਿਆ। ਸਮੁੱਚੇ ਫੀਲਡ ਅਤੇ ਦਫ਼ਤਰੀ ਕਰਮਚਾਰੀਆਂ ਨੇ ਆਪੋ ਅਪਣਾ ਕੰਮ ਠੱਪ ਕਰਕੇ ਸਰਕਲ ਦਫ਼ਤਰ ਅੱਗੇ ਇਕੱਠੇ ਹੋ ਕੇ ਹੜਤਾਲ ਵਿੱਚ ਸ਼ਮੂਲੀਅਤ ਕੀਤੀ।
ਆਗੂਆਂ ਨੇ ਬੋਲਦਿਆਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸੂਬਾ ਕਮੇਟੀ ਦੀ ਮੀਟਿੰਗ ਮਿਤੀ 2/6 ਨੂੰ ਮੁਹਾਲੀ ਵਿਖੇ ਪਾਵਰਕੌਮ ਮੈਨੇਜਮੈਂਟ ਨਾਲ ਮਾਣਯੋਗ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਸਾਹਿਬ ਦੀ ਹਾਜ਼ਰੀ ਵਿੱਚ ਹੋਈ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਉੱਪਰ ਸਹਿਮਤੀ ਹੋਈ ਸੀ। ਤਕਰੀਬਨ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਮਿਤੀ 25/6 ਤੋਂ ਵਰਕ ਟੂ ਰੂਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਇਸ ਦੌਰਾਨ ਸਮੂਹ ਮੁਲਾਜ਼ਮਾਂ ਨੇ ਸਾਮ 5 ਵਜੇ ਤੋਂ ਬਾਅਦ ਅਤੇ ਸਵੇਰੇ ਨੌ ਵਜੇ ਤੱਕ ਅਪਣੇ ਫੋਨ ਬੰਦ ਰੱਖਣ ਦਾ ਐਲਾਨ ਕੀਤਾ। ਸੰਘਰਸ਼ ਦੀ ਇਸ ਲੜੀ ਤਹਿਤ ਬਿਜਲੀ ਮੁਲਾਜ਼ਮਾਂ ਵਲੋਂ ਮਿਤੀ 20/7 ਨੂੰ ਮਾਣਯੋਗ ਬਿਜਲੀ ਮੰਤਰੀ ਦੀ ਕੋਠੀ ਅੱਗੇ ਅੰਮ੍ਰਿਤਸਰ ਵਿਖੇ ਭਰਵੀਂ ਰੋਸ ਰੈਲੀ ਕੀਤੀ ਸੀ। ਇਸ ਰੈਲੀ ਵਿੱਚ ਪਾਵਰਕੌਮ ਦੇ ਡਾਇਰੈਕਟਰ ਸਾਹਿਬ ਵਲੋਂ ਖੁਦ ਪਹੁੰਚੇ ਅਤੇ ਜਥੇਬੰਦੀਆਂ ਨੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾ ਵਾਲਾ ਮੰਗ ਪੱਤਰ ਪੇਸ਼ ਕੀਤਾ। ਡਾਇਰੈਕਟਰ ਸਾਹਿਬ ਵਲੋਂ ਭਰਵੀਂ ਰੈਲੀ ਵਿੱਚ ਬੋਲਕੇ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜੋ ਅੱਜ ਤੱਕ ਵਫ਼ਾ ਨਹੀਂ ਹੋਇਆ। ਇਸ ਤੋਂ ਬਾਅਦ ਜਥੇਬੰਦੀ ਵੱਲੋਂ ਦਿੱਤੇ ਕਰੜੇ ਸੰਘਰਸ਼ ਦੀ ਕਾਲ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਲੋਂ ਸਬਾ ਕਮੇਟੀ ਨਾਲ ਮਿਤੀ 6/8, 8/8, ਅਤੇ 10/8 ਨੂੰ ਮੀਟਿੰਗ ਕੀਤੀ ਅਤੇ ਤਕਰੀਬਨ ਪੱਚੀ ਮੰਗਾ ਉੱਪਰ ਪੂਰਨ ਸਹਿਮਤੀ ਵੀ ਹੋਈ। ਸੂਬਾ ਕਮੇਟੀ ਅਤੇ ਸਮੁੱਚੇ ਬਿਜਲੀ ਮੁਲਾਜ਼ਮਾਂ ਨੂੰ ਉਮੀਦ ਸੀ ਕਿ 11/8 ਤੱਕ ਪਾਵਰਕੌਮ ਵੱਲੋਂ ਕੋਈ ਨਾ ਕੋਈ ਸਰਕੂਲਰ ਜਰੂਰ ਜਾਰੀ ਕੀਤਾ ਜਾਵੇਗਾ ਪ੍ਰੰਤੂ ਹਜੇ ਤੱਕ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਗਿਆ।ਆਗੂਆਂ ਨੇ ਅੱਗੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਵਲੋਂ ਹਜੇ ਵੀ ਮੰਗਾਂ ਨਾ ਮੰਨ ਕੇ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਆਗੂਆਂ ਵਲੋਂ ਕਿਹਾ ਗਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹਿਕ ਛੁੱਟੀ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ। ਜੇਕਰ ਮੁਲਾਜ਼ਮਾਂ ਦੇ ਸਮੂਹਿਕ ਛੁੱਟੀ ਤੇ ਜਾਣ ਕਾਰਨ ਪੰਜਾਬ ਅੰਦਰ ਬਿਜਲੀ ਗੁੱਲ ਹੁੰਦੀ ਹੈ ਤੇ ਬਲੈਕ ਆਊਟ ਹੁੰਦਾ ਹੈ ਤਾਂ ਇਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਹੋਵੇਗੀ।
ਜਥੇਬੰਦੀਆਂ ਵੱਲੋਂ ਪਾਵਰਕੌਮ ਦੀ ਮੈਨੇਜਮੈਂਟ ਨੂੰ ਅਪਣੇ ਤਿੱਖੇ ਸੰਘਰਸ਼ ਸੰਬੰਧੀ ਪਹਿਲਾਂ ਤੋਂ ਹੀ ਸੁਚੇਤ ਕੀਤਾ ਹੋਇਆ ਹੈ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਬਿਜਲੀ ਮੁਲਾਜ਼ਮਾਂ ਕੋਲ਼ ਸੰਘਰਸ਼ ਤਿੱਖਾ ਕਰਦੇ ਹੋਏ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਮਿਤੀ 15 ਅਗਸਤ (ਆਜ਼ਾਦੀ ਦਿਵਸ) ਵਾਲੇ ਦਿਨ ਜਥੇਬੰਦੀਆਂ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ ਦੇ ਨੇੜਲੇ ਦਫ਼ਤਰਾਂ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਨੂੰ ਸਰਕਲ ਪ੍ਰਧਾਨ ਬਿਕਰਮਜੀਤ ਸਿੰਘ, ਨਿਰਭੈ ਸਿੰਘ, ਜੀਵਨ ਸਿੰਘ, ਭੋਲਾ ਸਿੰਘ ਗੱਗੜਪੁਰ, ਕੁਲਵਿੰਦਰ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਮਿੱਠੂ ਸਿੰਘ, ਪਰਮਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਬਖਸ਼ੀਸ਼ ਸਿੰਘ, ਰਾਜਭਿੰਦਰ ਸਿੰਘ, ਗੌਰਵ ਜੋਸ਼ੀ, ਯਸ਼ਪਾਲ ਸ਼ਰਮਾ, ਅਤੇ ਪੁਸ਼ਪਿੰਦਰ ਸਿੰਘ ਸੈਣੀ ਆਦਿ ਆਗੂਆਂ ਨੇ ਸੰਬੋਧਨ ਕੀਤਾ ਜਦੋਂ ਕਿ ਸਟੇਜ ਦੀ ਕਾਰਵਾਈ ਨਿਰਭੈ ਸਿੰਘ ਭੱਠਲ ਨੇ ਨਿਭਾਈ ਅਤੇ ਪਰਮਿੰਦਰ ਸਿੰਘ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।