


ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ, ਚੀਮਾਂ ਜੋਧਪੁਰ ਵਿਖੇ 2026-27 ਸੈਸ਼ਨ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ
ਬਰਨਾਲ਼ਾ (ਹਿਮਾਂਸ਼ੂ ਗੋਇਲ)
ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ, ਚੀਮਾਂ ਜੋਧਪੁਰ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਨਾਲ ਕਰਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਲਈ ਸ਼ਾਂਤੀ, ਸਕਾਰਾਤਮਕਤਾ, ਨੈਤਿਕਤਾ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।

ਸ੍ਰੀ ਸੁਖਮਨੀ ਸਾਹਿਬ ਜੀ, ਜਿਸਦਾ ਅਰਥ “ਸੁਖਾਂ ਦੀ ਮਣੀ” ਹੈ, ਮਨੁੱਖ ਦੇ ਮਨ ਨੂੰ ਸ਼ਾਂਤੀ, ਧੀਰਜ ਅਤੇ ਆਤਮਿਕ ਸਥਿਰਤਾ ਪ੍ਰਦਾਨ ਕਰਨ ਵਾਲੀ ਬਾਣੀ ਹੈ। ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਨਾਲ ਕਰਨ ਨਾਲ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਨਵਾਂ ਉਤਸ਼ਾਹ, ਚੰਗੀ ਸੋਚ ਅਤੇ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ। ਇਹ ਸਮਾਗਮ ਵਿਦਿਆਰਥੀਆਂ ਨੂੰ ਨੈਤਿਕਤਾ, ਅਨੁਸ਼ਾਸਨ, ਏਕਤਾ, ਸੇਵਾ ਅਤੇ ਭਾਈਚਾਰੇ ਦੀ ਮਹੱਤਤਾ ਦਾ ਸੰਦੇਸ਼ ਵੀ ਦਿੰਦਾ ਹੈ।
ਇਸ ਪਾਵਨ ਮੌਕੇ ’ਤੇ ਵਿਵੇਕ ਆਸ਼ਰਮ (ਡੇਰਾ ਜੋਧਪੁਰ), ਪਿੰਡ ਚੀਮਾ, ਜ਼ਿਲ੍ਹਾ ਬਰਨਾਲਾ ਦੇ ਮੁਖੀ ਡਾ. ਸਵਾਮੀ ਰਾਮ ਤੀਰਥ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੇਂ ਅਕਾਦਮਿਕ ਸੈਸ਼ਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਿੱਖਿਆ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ। ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੇ ਜੀਵਨ ਵਿੱਚ ਸੱਚਾਈ, ਅਨੁਸ਼ਾਸਨ, ਸੇਵਾ, ਨਿਮਰਤਾ ਅਤੇ ਚੰਗੇ ਸੰਸਕਾਰਾਂ ਨੂੰ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸੋਚ ਅਤੇ ਕਿਰਦਾਰ ਹੀ ਸਮਾਜ ਦੀ ਦਿਸ਼ਾ ਨਿਰਧਾਰਤ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਸਕਾਰਾਤਮਕ ਸੋਚ ਨਾਲ ਆਪਣੇ ਟੀਚਿਆਂ ਵੱਲ ਵਧਣ ਅਤੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸੰਸਥਾ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ, ਚੰਗੀ ਸਿਹਤ, ਸਫਲਤਾ ਅਤੇ ਖੁਸ਼ਹਾਲੀ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਨਵਾਂ ਅਕਾਦਮਿਕ ਸੈਸ਼ਨ ਸਾਰਿਆਂ ਲਈ ਗਿਆਨ, ਤਰੱਕੀ ਅਤੇ ਸਫਲਤਾ ਲੈ ਕੇ ਆਵੇ।
ਇਸ ਮੌਕੇ ਕਾਲਜ ਦੇ ਚੇਅਰਮੈਨ ਸ੍ਰੀ ਆਰ. ਕੇ. ਗੁਪਤਾ ਜੀ, ਡਾਇਰੈਕਟਰ ਡਾ. ਅਜੇ ਮਿੱਤਲ ਜੀ, ਡੀਨ ਅਕੈਡਮਿਕਸ ਡਾ. ਭਾਵੇਤ ਗਰਗ ਜੀ, ਡੀਨ ਇੰਜੀਨੀਅਰਿੰਗ ਸ੍ਰੀ ਰਜਨੀਸ਼ ਨਰੂਲਾ ਜੀ ਅਤੇ ਕਾਲਜ ਮੈਨੇਜਮੈਂਟ ਦੇ ਮੈਂਬਰ ਸ੍ਰੀ ਰੰਜੀਵ ਮੰਗਲਾ ਜੀ, ਸ੍ਰੀ ਵਿੱਕੀ ਸਿੰਗਲਾ ਜੀ, ਸ੍ਰੀ ਇੰਦਰਪਾਲ ਗੋਇਲ ਜੀ, ਸ੍ਰੀ ਹਰਭਜਨ ਸਿੰਘ ਜੀ, ਸ੍ਰੀ ਮੋਹਿਤ ਮੰਗਲਾ ਜੀ ਅਤੇ ਸ੍ਰੀ ਅਸ਼ਵਨੀ ਸਿੰਗਲਾ ਜੀ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਗੁਰੂ ਜੀ ਦੀ ਪਾਲਕੀ ਦਾ ਸ਼ਰਧਾ ਅਤੇ ਸਤਿਕਾਰ ਨਾਲ ਸਵਾਗਤ ਕੀਤਾ। ਗੁਰੂ ਜੀ ਦੀ ਪਾਲਕੀ ’ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ।
ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਭਾਗ ਲਿਆ। ਸਮੂਹ ਸਟਾਫ਼ ਵੱਲੋਂ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਗਈਆਂ, ਜਦਕਿ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਵਾਲੰਟੀਅਰ ਵਜੋਂ ਸੇਵਾਵਾਂ ਦਿੱਤੀਆਂ। ਪਾਠ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਿਆ ਗਿਆ ਅਤੇ ਸਮੁੱਚਾ ਮਾਹੌਲ ਸ਼ਰਧਾ, ਸੇਵਾ ਅਤੇ ਸਕਾਰਾਤਮਕ ਊਰਜਾ ਨਾਲ ਭਰਪੂਰ ਰਿਹਾ।
ਇਸ ਸਮਾਗਮ ਦੀ ਇੱਕ ਵਿਸ਼ੇਸ਼ ਗੱਲ ਇਹ ਰਹੀ ਕਿ ਪੂਰਾ ਪ੍ਰੋਗਰਾਮ ਪਲਾਸਟਿਕ-ਮੁਕਤ ਮੁਹਿੰਮ ’ਤੇ ਆਧਾਰਿਤ ਰਿਹਾ, ਜਿਸ ਲਈ ਕੁਦਰਤ ਪ੍ਰੇਮੀ ਗਰੁੱਪ ਬਰਨਾਲਾ ਵੱਲੋਂ ਪ੍ਰੇਰਣਾ ਦਿੱਤੀ ਗਈ। ਇਸ ਤਹਿਤ ਸਮਾਗਮ ਦੌਰਾਨ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਦੇ ਹੋਏ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਡੀਨ ਅਕੈਡਮਿਕਸ ਡਾ. ਭਾਵੇਤ ਗਰਗ ਜੀ ਨੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ’ਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਦਾ ਉਦੇਸ਼ ਕੇਵਲ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇਣਾ ਨਹੀਂ, ਸਗੋਂ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਨੈਤਿਕ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਵੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਵਿੱਚ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਡੀਨ ਇੰਜੀਨੀਅਰਿੰਗ ਸ੍ਰੀ ਰਜਨੀਸ਼ ਨਰੂਲਾ ਜੀ ਨੇ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕਰਨਾ ਕਾਲਜ ਦੀਆਂ ਉਨ੍ਹਾਂ ਪਰੰਪਰਾਵਾਂ ਦਾ ਹਿੱਸਾ ਹੈ, ਜੋ ਵਿਦਿਆਰਥੀਆਂ ਨੂੰ ਆਤਮਿਕਤਾ ਦੇ ਨਾਲ-ਨਾਲ ਨੈਤਿਕਤਾ ਅਤੇ ਸੇਵਾ ਦੀ ਭਾਵਨਾ ਨਾਲ ਜੋੜਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਾਲਜ ਵਿੱਚ ਧਾਰਮਿਕ, ਨੈਤਿਕ, ਸੱਭਿਆਚਾਰਕ ਅਤੇ ਸਿੱਖਿਆ ਨਾਲ ਸੰਬੰਧਿਤ ਸਮਾਗਮ ਵਿਦਿਆਰਥੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਜਸ਼ਨਜੋਤ ਅਤੇ ਆਰਟਸ ਐਂਡ ਹਿਊਮੈਨਿਟੀਜ਼ ਵਿਭਾਗ ਦੀ ਮੁਖੀ ਮਿਸ ਭਾਵੁਕਤਾ ਸ਼ਰਮਾ ਜੀ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਸਿੱਖਿਆ ਦੇ ਨਾਲ ਚੰਗੇ ਸੰਸਕਾਰਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਸੇਵਾ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਸ਼ਾਂਤੀ, ਸਹਿਣਸ਼ੀਲਤਾ ਅਤੇ ਨੈਤਿਕ ਜੀਵਨ ਜਿਊਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਆਪਣੀ ਸੱਭਿਆਚਾਰਕ ਅਤੇ ਨੈਤਿਕ ਵਿਰਾਸਤ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ।
IQAC ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਸ੍ਰੀ ਵਿਜੇ ਕੁਮਾਰ ਅਤੇ ਮਾਰਕੀਟਿੰਗ ਵਿਭਾਗ ਦੇ ਮੁਖੀ ਸ੍ਰੀ cਤਿੰਦਰ ਜੀ ਨੇ ਕਿਹਾ ਕਿ ਕਿਸੇ ਵੀ ਸੰਸਥਾ ਦੀ ਤਰੱਕੀ ਲਈ ਗੁਣਵੱਤਾਪੂਰਨ ਸਿੱਖਿਆ ਦੇ ਨਾਲ ਇੱਕ ਸਕਾਰਾਤਮਕ ਅਤੇ ਅਨੁਸ਼ਾਸਿਤ ਵਾਤਾਵਰਣ ਵੀ ਜ਼ਰੂਰੀ ਹੈ। ਉਨ੍ਹਾਂ ਨੇ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੀ ਪ੍ਰਤਿਭਾ ਅਤੇ ਸਮਰੱਥਾ ਨੂੰ ਸਹੀ ਦਿਸ਼ਾ ਵਿੱਚ ਵਰਤਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਵੱਖ-ਵੱਖ ਗਤੀਵਿਧੀਆਂ ਦੇ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਨਵੇਂ ਸੈਸ਼ਨ ਲਈ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਅਕਾਊਂਟਸ ਅਫ਼ਸਰ ਸ੍ਰੀ ਜਤਿੰਦਰ ਦਹੀਆ ਅਤੇ ਡਿਸਟੈਂਸ ਐਂਡ ਓਪਨ ਲਰਨਿੰਗ ਵਿਭਾਗ ਦੇ ਮੁਖੀ ਸ੍ਰੀ ਕੁਲਦੀਪ ਸਿੰਘ ਜੀ ਨੇ ਕਿਹਾ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਸ਼ਰਧਾ ਅਤੇ ਸਕਾਰਾਤਮਕ ਮਾਹੌਲ ਵਿੱਚ ਹੋਣਾ ਵਿਦਿਆਰਥੀਆਂ ਲਈ ਇੱਕ ਚੰਗੀ ਸ਼ੁਰੂਆਤ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪ੍ਰਤੀ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ਅਤੇ ਇਸ ਦੇ ਨਾਲ ਚੰਗੇ ਸੰਸਕਾਰ ਵਿਦਿਆਰਥੀ ਦੇ ਵਿਅਕਤੀਤਵ ਨੂੰ ਹੋਰ ਨਿਖਾਰਦੇ ਹਨ।
ਐਡਮਿਸ਼ਨ ਸੈੱਲ ਦੀ ਮੁਖੀ ਮਿਸ ਕਮਲਜੀਤ ਕੌਰ ਜੀ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵਾਂ ਅਕਾਦਮਿਕ ਸੈਸ਼ਨ ਵਿਦਿਆਰਥੀਆਂ ਲਈ ਨਵੇਂ ਮੌਕੇ ਅਤੇ ਨਵੀਆਂ ਉਮੀਦਾਂ ਲੈ ਕੇ ਆਇਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਅੰਤ ਵਿੱਚ ਡੀਨ ਇੰਜੀਨੀਅਰਿੰਗ ਸ੍ਰੀ ਰਜਨੀਸ਼ ਨਰੂਲਾ ਜੀ ਨੇ ਕਾਲਜ ਦੇ ਚੇਅਰਮੈਨ ਸ੍ਰੀ ਆਰ. ਕੇ. ਗੁਪਤਾ ਜੀ, ਡਾਇਰੈਕਟਰ ਡਾ. ਅਜੇ ਮਿੱਤਲ ਜੀ, ਮੈਨੇਜਮੈਂਟ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਆਉਣ ਵਾਲਾ ਸੈਸ਼ਨ ਕਾਲਜ ਅਤੇ ਇਸ ਨਾਲ ਜੁੜੇ ਹਰੇਕ ਵਿਦਿਆਰਥੀ ਲਈ ਸਫਲਤਾ, ਖੁਸ਼ਹਾਲੀ ਅਤੇ ਉੱਨਤੀ ਲੈ ਕੇ ਆਵੇ।
ਪਾਠ ਦੀ ਸੰਪੂਰਣਤਾ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਲੰਗਰ ਦੀ ਸੇਵਾ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਵਾਲੰਟੀਅਰਾਂ ਨੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਪੂਰੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਕਾਲਜ ਮੈਨੇਜਮੈਂਟ, ਚੇਅਰਮੈਨ, ਡਾਇਰੈਕਟਰ, ਡੀਨਜ਼, ਸਮੂਹ ਵਿਭਾਗ ਮੁਖੀਆਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।


