

ਮਾਂ ਦਾ ਦੁੱਧ ਬੱਚੇ ਲਈ ਸੁਪਰਫੂਡ: ਡਾ. ਅੰਜੂ ਵਰਮਾ
ਧਨੌਲਾ, 6 ਅਗਸਤ(ਹਿਮਾਂਸ਼ੂ ਗੋਇਲ)
ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਸਿਲਸਿਲੇ ‘ਚ ਸੀ.ਐੱਚ.ਸੀ ਧਨੌਲਾ ਅਤੇ ਇਸਦੇ ਅਧੀਨ ਆਉਂਦੇ ਵੱਖ ਵੱਖ ਸਿਹਤ ਕੇਂਦਰਾਂ ‘ਤੇ ਨਿੱਕੇ ਬੱਚਿਆਂ ਦੀਆਂ ਮਾਂਵਾਂ ਅਤੇ ਉਹਨਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਜਨਾਨਾਂ ਰੋਗਾਂ ਦੇ ਮਾਹਿਰ ਡਾ. ਅੰਜੂ ਵਰਮਾ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਦੀ ਰਹਿਨੁਮਾਈ ਹੇਠ ਐੱਸ.ਐੱਮ.ਓ ਦਾ ਕਾਰਜਭਾਰ ਸੰਭਾਲ ਰਹੇ ਡਾ. ਵਿਸ਼ਾਲਵੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਗਸਤ ਮਹੀਨੇ ਦਾ ਪਹਿਲਾ ਹਫ਼ਤਾ ਵਿਸ਼ਵ ਸਤਨਪਾਨ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਤਹਿਤ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਬੱਚਿਆਂ ਲਈ ਮਾਂ ਦੇ ਦੁੱਧ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੱਚੇ ਦੇ ਜਨਮ ਦੇ ਇੱਕ ਘੰਟੇ ਅੰਦਰ ਉਸਨੂੰ ਪਿਲਾਇਆ ਗਿਆ ਮਾਂ ਦਾ ਦੁੱਧ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਜੋ ਬੱਚੇ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ ਅਤੇ ਕਈ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਜਦਕਿ ਓਪਰਾ ਦੁੱਧ ਪਿਲਾਉਣ ਨਾਲ ਬੱਚਿਆਂ ਨੂੰ ਡਾਇਰੀਆ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਬਲਾਕ ਮੀਡੀਆ ਅਫ਼ਸਰ ਰਤਿਕਾ ਉਬਰਾਏ ਨੇ ਦੱਸਿਆ ਕਿ ਇਸ ਹਫ਼ਤੇ ਮਮਤਾ ਦਿਵਸ ਮੌਕੇ ਬੁੱਧਵਾਰ ਨੂੰ ਬਲਾਕ ਧਨੌਲਾ ਦੇ ਵੱਖ ਵੱਖ ਪਿੰਡਾਂ ਵਿਚ ਲਾਏ ਗਏ ਕੈਪਾਂ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਤੋਂ ਇਲਾਵਾ ਛੇ ਮਹੀਨੇ ਤੱਕ ਦੇ ਬੱਚਿਆਂ ਨੂੰ ਓਪਰਾ ਦੁੱਧ ਨਾ ਪਿਲਾਉਣ ਦੀ ਸਲਾਹ ਦਿੱਤੀ ਗਈ। ਕਰਮਗੜ੍ਹ ਵਿਖੇ ਜਾਗਰੂਕਤਾ ਕੈਂਪ ਦੌਰਾਨ ਸੀ.ਐੱਚ.ਓ ਕਿਰਨਦੀਪ ਕੌਰ ਨੇ ਮਹਿਲਾਵਾਂ ਨੂੰ ਦੱਸਿਆ ਕਿ ਮਾਂ ਦਾ ਦੁੱਧ ਸਿਰਫ਼ ਬੱਚੇ ਦਾ ਢਿੱਡ ਭਰਨ ਲਈ ਹੀ ਜ਼ਰੂਰੀ ਨਹੀਂ ਸਗੋਂ ਇਸ ਵਿਚ ਲੋੜੀਂਦੇ ਤੱਤਾਂ ਦੀ ਮੌਜੂਦਗੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਜ਼ਰੂਰੀ ਹੈ। ਕੈਂਪ ਦੌਰਾਨ ਉਹਨਾਂ ਨਿੱਕੇ ਬੱਚਿਆਂ ਦੀਆਂ ਮਾਵਾਂ ਨੂੰ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ 6 ਮਹੀਨੇ ਬਾਅਦ ਮਾਂ ਦੇ ਦੁੱਧ ਦੇ ਨਾਲ ਨਾਲ ਨਰਮ ਖ਼ੁਰਾਕ (ਖਿਚੜੀ, ਦਲੀਆ, ਚੌਲ ਆਦਿ) ਦੇਣ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਏ.ਐੱਨ.ਐੱਮ ਰਜਨੀ ਰਾਣੀ, ਮਲਟੀਪਰਪਜ਼ ਹੈਲਥ ਵਰਕਰ ਕਰਮਜੀਤ ਸਿੰਘ ਅਤੇ ਆਸ਼ਾ ਵਰਕਰ ਹਾਜ਼ਰ ਸਨ।


