

ਬਰਨਾਲਾ ਵਿੱਚ ਪ੍ਰਸ਼ਾਸਨ ਵੱਲੋਂ ਸਫਾਈ ਕਰਨ ਨੂੰ ਲੈ ਕੇ ਭੜਕੇ ਹੜਤਾਲ ‘ਤੇ ਬੈਠੇ ਸਫਾਈ ਸੇਵਕ
ਸਫਾਈ ਕਰਮਚਾਰੀਆਂ ਅਤੇ ਪੁਲਿਸ ਵਿਚਾਲੇ ਟਕਰਾਅ
ਪੁਲਿਸ ਨੇ ਵਰਾਈ ਸਫਾਈ ਸੇਵਕਾਂ ‘ਤੇ ਡਾਂਗ
ਬਰਨਾਲਾ, 22 ਜੁਲਾਈ (ਬਰਨਾਲਾ ਰਿਪੋਰਟ)–
ਸਥਾਨਕ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੀ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਦੌਰਾਨ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਲਈ ਬੁੱਧਵਾਰ ਨੂੰ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸਥਿਤੀ ਤਣਾਅਪੂਰਨ ਬਣ ਗਈ। ਐਸ.ਡੀ. ਕਾਲਜ ਸਾਹਮਣੇ ਅਤੇ ਬਾਅਦ ਵਿੱਚ ਹੰਡਿਆਇਆ ਬਾਜ਼ਾਰ ਵਿੱਚ ਸਫਾਈ ਕਰਮਚਾਰੀਆਂ ਨੇ ਕੂੜਾ ਚੁੱਕਣ ਦਾ ਡਟ ਕੇ ਵਿਰੋਧ ਕੀਤਾ, ਜਿਸ ਕਾਰਨ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।
ਨਗਰ ਨਿਗਮ ਦੀ ਟੀਮ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਸੁਰੱਖਿਆ ਵਿੱਚ ਐਸ.ਡੀ. ਕਾਲਜ ਸਾਹਮਣੇ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਲਈ ਪਹੁੰਚੀ। ਜਿਵੇਂ ਹੀ ਜੇਸੀਬੀ ਮਸ਼ੀਨ ਨੇ ਕੂੜਾ ਟਰਾਲੀਆਂ ਵਿੱਚ ਪਾਉਣਾ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਕਾਰਵਾਈ ਰੋਕ ਦਿੱਤੀ। ਇਸ ਦੌਰਾਨ ਕੁਝ ਕਰਮਚਾਰੀਆਂ ਨੇ ਕੂੜੇ ਨਾਲ ਭਰੀਆਂ ਰੇਹੜੀਆਂ ਸੜਕ ਦੇ ਵਿਚਕਾਰ ਉਲਟਾ ਕੇ ਆਵਾਜਾਈ ਵੀ ਪ੍ਰਭਾਵਿਤ ਕਰ ਦਿੱਤੀ।

ਸਥਿਤੀ ਨੂੰ ਸੰਭਾਲਣ ਲਈ ਡੀ.ਐੱਸ.ਪੀ. ਸਤਬੀਰ ਸਿੰਘ ਬੈਂਸ ਦੀ ਅਗਵਾਈ ਹੇਠ ਪੁਲਿਸ ਨੇ ਕਰਮਚਾਰੀਆਂ ਨੂੰ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕੂੜਾ ਚੁੱਕਣ ਵਿੱਚ ਸਹਿਯੋਗ ਦੀ ਅਪੀਲ ਕੀਤੀ। ਪਰੰਤੂ ਸਫਾਈ ਕਰਮਚਾਰੀ ਆਪਣੀ ਮੰਗ ‘ਤੇ ਅਡਿੱਗ ਰਹੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜੇਸੀਬੀ ਮਸ਼ੀਨ ਦੀ ਕਾਰਵਾਈ ਰੋਕ ਦਿੱਤੀ। ਇਸ ਮਗਰੋਂ ਪੁਲਿਸ ਨੇ ਲਾਠੀਚਾਰਜ ਕਰਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ ਅਤੇ ਪੁਲਿਸ ਸੁਰੱਖਿਆ ਹੇਠ ਕਈ ਦਿਨਾਂ ਤੋਂ ਲੱਗੇ ਕੂੜੇ ਦੇ ਢੇਰ ਚੁਕਵਾਏ।
ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਜੇਸੀਬੀ ਮਸ਼ੀਨ ਅਤੇ ਟਰਾਲੀਆਂ ਸਮੇਤ ਹੰਡਿਆਇਆ ਬਾਜ਼ਾਰ ਵਿੱਚ ਪਹੁੰਚੀ ਤਾਂ ਉੱਥੇ ਵੀ ਸਫਾਈ ਕਰਮਚਾਰੀਆਂ ਨੇ ਜ਼ੋਰਦਾਰ ਵਿਰੋਧ ਕੀਤਾ। ਰੋਸ ਵਿੱਚ ਆਏ ਕੁਝ ਕਰਮਚਾਰੀਆਂ ਨੇ ਕੂੜਾ ਹੱਥਾਂ ਨਾਲ ਚੁੱਕ ਕੇ ਪੁਲਿਸ ਵੱਲ ਸੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕੂੜਾ ਚੁੱਕਣ ਤੋਂ ਪਹਿਲਾਂ ਪ੍ਰਸ਼ਾਸਨ ਉਨ੍ਹਾਂ ਦੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਵਾਏ। ਮਾਹੌਲ ਵਿਗੜਦਾ ਦੇਖ ਪੁਲਿਸ ਨੇ ਮੁੜ ਲਾਠੀਚਾਰਜ ਕਰਕੇ ਕੂੜੇ ਦੇ ਢੇਰ ਚੁਕਵਾਉਣ ਦੀ ਕਾਰਵਾਈ ਕਰਵਾਈ। ਇਸ ਦੌਰਾਨ ਪੁਲਿਸ ਨਾਲ ਸਫਾਈ ਸੇਵਕਾਂ ਦੀ ਜ਼ਬਰਦਸਤ ਝੜਪ ਹੋਈ ਅਤੇ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਸਫਾਈ ਸੇਵਕਾਂ ‘ਤੇ ਡਾਂਗ ਵਰਾਈ ਗਈ ਜਿਸ ਵਿੱਚ ਕੁੱਝ ਸਫਾਈ ਸੇਵਕਾਂ ਨੂੰ ਸੱਟਾਂ ਵੀ ਲੱਗੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸਿਸਟੈਂਟ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਡੀ.ਐੱਸ.ਪੀ. ਸਤਬੀਰ ਸਿੰਘ ਬੈਂਸ ਨੇ ਕਿਹਾ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਅਤੇ ਲੋਕਾਂ ਨੂੰ ਗੰਦਗੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰ ਚੁਕਵਾਏ ਜਾ ਰਹੇ ਹਨ। ਹਰਪ੍ਰੀਤ ਸਿੰਘ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਫੈਸਲਾ ਪੰਜਾਬ ਸਰਕਾਰ ਨੇ ਕਰਨਾ ਹੈ, ਪਰ ਨਗਰ ਨਿਗਮ ਦੀ ਮੁੱਢਲੀ ਜ਼ਿੰਮੇਵਾਰੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਹੈ ਅਤੇ ਇਸੇ ਤਹਿਤ ਪੁਲਿਸ ਦੀ ਨਿਗਰਾਨੀ ਹੇਠ ਸਾਰੇ ਕੂੜੇ ਦੇ ਢੇਰ ਚੁਕਵਾਏ ਜਾਣਗੇ।
ਉੱਧਰ, ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਸਫਾਈ ਕਰਮਚਾਰੀਆਂ ‘ਤੇ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕੀਤੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਵਿੱਚ ਕੂੜਾ ਚੁਕਵਾਉਣ ਦੇ ਨਾਲ-ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਕਰਮਚਾਰੀਆਂ ਦੀਆਂ ਹੋਰ ਮੰਗਾਂ ‘ਤੇ ਵੀ ਵਿਚਾਰ ਕਰਨ ਦੀ ਗੱਲ ਕਹੀ ਗਈ ਹੈ, ਪਰ ਸਰਕਾਰ ਇਸ ਪੱਖ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।


