

‘ਦ ਕੰਟਰੀ’ ਸਕੂਲ ਧਨੌਲਾ ਵਿਖੇ ਵਿਗਿਆਨ ਤੇ ਤਕਨਾਲੋਜੀ ਆਧਾਰਿਤ ਕੁਇਜ਼ ਮੁਕਾਬਲਾ ਕਰਵਾਇਆ
ਵਿਦਿਆਰਥੀਆਂ ਨੇ ਗਿਆਨ, ਹਾਜ਼ਰਜਵਾਬੀ ਅਤੇ ਟੀਮ ਭਾਵਨਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਧਨੌਲਾ/ਬਰਨਾਲਾ(ਹਿਮਾਂਸ਼ੂ ਗੋਇਲ)
‘ਦ ਕੰਟਰੀ ਸਕੂਲ ਧਨੌਲਾ ਵਿਖੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ, ਤਰਕਸ਼ੀਲਤਾ ਅਤੇ ਨਵੀਆਂ ਤਕਨੀਕਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਵਿਗਿਆਨ ਅਤੇ ਤਕਨਾਲੋਜੀ ਵਿਸ਼ੇ ‘ਤੇ ਆਧਾਰਿਤ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕਲਾਸ ਤੀਜੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਟੀਮਾਂ ਦੇ ਰੂਪ ਵਿੱਚ ਪੂਰੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਭਾਗ ਲਿਆ।
ਮੁਕਾਬਲੇ ਦੌਰਾਨ ਵਿਗਿਆਨ ਅਤੇ ਆਧੁਨਿਕ ਤਕਨਾਲੋਜੀ ਨਾਲ ਸੰਬੰਧਿਤ ਵੱਖ-ਵੱਖ ਗਿਆਨਵਰਧਕ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਵਿਦਿਆਰਥੀਆਂ ਨੇ ਬੇਹੱਦ ਸੂਝ-ਬੂਝ ਅਤੇ ਹਾਜ਼ਰਜਵਾਬੀ ਨਾਲ ਦਿੱਤੇ। ਇਸ ਮੌਕੇ ਸਕੂਲ ਦਾ ਮਾਹੌਲ ਮੁਕਾਬਲੇਬਾਜ਼ੀ ਦੇ ਨਾਲ-ਨਾਲ ਸਿੱਖਣ ਦੀ ਭਾਵਨਾ ਨਾਲ ਭਰਪੂਰ ਰਿਹਾ।
ਇਸ ਗਤੀਵਿਧੀ ਦਾ ਸਫ਼ਲ ਆਯੋਜਨ ਅਧਿਆਪਕਾਵਾਂ ਵੀਰਪਾਲ ਕੌਰ, ਨਵਦੀਪ ਕੌਰ ਅਤੇ ਜਸ਼ਨਪ੍ਰੀਤ ਕੌਰ ਵੱਲੋਂ ਕੀਤਾ ਗਿਆ।
ਸਮਾਗਮ ਦੌਰਾਨ ਸਕੂਲ ਦੇ ਐਮ.ਡੀ. ਮੈਡਮ ਕੰਚਨ ਸਿੰਗਲਾਕਅਤੇ ਡਾਇਰੈਕਟਰ ਮਨੀਸ਼ ਸਿੰਗਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੇ ਬੌਧਿਕ ਵਿਕਾਸ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਹਰ ਵਿਦਿਆਰਥੀ ਲਈ ਨਵੀਆਂ ਖੋਜਾਂ ਅਤੇ ਆਧੁਨਿਕ ਤਕਨੀਕਾਂ ਨਾਲ ਜਾਣੂ ਹੋਣਾ ਸਮੇਂ ਦੀ ਮੁੱਖ ਲੋੜ ਹੈ।
ਐਮ.ਡੀ. ਕੰਚਨ ਸਿੰਗਲਾ ਨੇ ਕਿਹਾ ਕਿ ਜਿੱਤ ਅਤੇ ਹਾਰ ਜੀਵਨ ਦਾ ਹਿੱਸਾ ਹਨ, ਪਰ ਕਿਸੇ ਵੀ ਮੁਕਾਬਲੇ ਵਿੱਚ ਭਾਗ ਲੈਣ ਦਾ ਸਾਹਸ ਹੀ ਵਿਦਿਆਰਥੀ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹਮੇਸ਼ਾ ਸਿੱਖਣ ਦੀ ਭਾਵਨਾ ਨਾਲ ਅੱਗੇ ਵਧਣ ਅਤੇ ਆਪਣੀਆਂ ਯੋਗਤਾਵਾਂ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ।
ਮੁਕਾਬਲੇ ਵਿੱਚ ਰੀਤ ਚੌਹਾਨ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਭਾਗੀਦਾਰ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਗਿਆਨਵਰਧਕ ਅਤੇ ਰਚਨਾਤਮਕ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।


