

ਛੋਟਾ ਪਰਿਵਾਰ, ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣ ਅਤੇ ਜੀਵਨ ਨੂੰ ਵਧੇਰੇ ਸੁਖਾਲਾ ਬਣਾਉਣ ਵਿਚ ਸਹਾਈ: ਡਾ. ਵਿਸ਼ਾਲਵੀਰ ਸਿੰਘ
ਧਨੌਲਾ, 14 ਜੁਲਾਈ(ਹਿਮਾਂਸ਼ੂ ਗੋਇਲ)
ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਧਨੌਲਾ ਵਿਚ ਵਿਸ਼ਵ ਆਬਾਦੀ ਦਿਵਸ ਦੇ ਸਿਲਸਿਲੇ ਵਿਚ ਸਕੂਲਾਂ ਅਤੇ ਸਹਿਤ ਕੇਂਦਰਾਂ ਵਿਚ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਵਧਦੀ ਆਬਾਦੀ ਦੀਆਂ ਚੁਣੌਤੀਆਂ ਅਤੇ ਪਰਿਵਾਰ ਨਿਯੋਜਨ ਦੇ ਲਾਭ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਇਹ ਗਤੀਵਿਧੀਆਂ 18 ਜੁਲਾਈ ਤੱਕ ਜਾਰੀ ਰਹਿਣਗੀਆਂ।
ਇਸ ਮੌਕੇ ਸੀ.ਐੱਚ.ਸੀ ਧਨੌਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਦੀ ਰਹਿਨੁਮਾਈ ਹੇਠ ਐੱਸ.ਐੱਮ.ਓ ਦਾ ਕਾਰਜਭਾਰ ਸੰਭਾਲ ਰਹੇ ਡਾ. ਵਿਸ਼ਾਲਵੀਰ ਸਿੰਘ ਨੇ ਕਿਹਾ ਕਿ ਵਿਸ਼ਵ ਆਬਾਦੀ ਦਿਵਸ ਦੇ ਸਿਲਸਿਲੇ ਵਿਚ ਹਫਤਾਭਰ ਜਾਗਰੂਕਤਾ ਗਤੀਵਿਧੀਆਂ ਕਰਨ ਦਾ ਮੁੱਖ ਉਦੇਸ਼ ਲੋਕਾਂ ਨੂੰ ਪਰਿਵਾਰ ਨਿਯੋਜਨ, ਮਾਂ ਅਤੇ ਬੱਚੇ ਦੀ ਸਿਹਤ ਅਤੇ ਵੱਧ ਰਹੀ ਆਬਾਦੀ ਨਾਲ ਜੁੜੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਛੋਟਾ ਪਰਿਵਾਰ ਨਾ ਸਿਰਫ਼ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਂਦਾ ਹੈ, ਸਗੋਂ ਜੀਵਨ ਨੂੰ ਵਧੇਰੇ ਸੁਖਾਲਾ ਅਤੇ ਸੰਤੁਲਿਤ ਵੀ ਬਣਾਉਂਦਾ ਹੈ।
ਡਾ.ਵਿਸ਼ਲਵੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਰਿਵਾਰ ਨਿਯੋਜਨ ਨਾਲ ਸਬੰਧਤ ਸੇਵਾਵਾਂ ਮੁਫ਼ਤ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਨਾਲ ਜੁੜ ਕੇ ਸਮਾਜ ਵਿੱਚ ਸਿਹਤਮੰਦ ਅਤੇ ਸੰਤੁਲਿਤ ਪਰਿਵਾਰ ਦੀ ਸਥਾਪਨਾ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਬਲਾਕ ਮੀਡੀਆ ਅਫ਼ਸਰ ਰਤਿਕਾ ਓਬਰਾਏ ਨੇ ਦੱਸਿਆ ਕਿ ਵਿਸ਼ਵ ਆਬਾਦੀ ਹਫ਼ਤੇ ਦੇ ਸਿਲਸਿਲੇ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬਲਾਕ ਧਨੌਲਾ ਦੇ ਵੱਖ ਵੱਖ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਅੱਜ ਪਿੰਡ ਭੂਰੇ ਵਿਖੇ ਪ੍ਰਿੰਸੀਪਲ ਪੁਸ਼ਪਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਏ.ਐੱਨ.ਐੱਮ ਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਵੱਧ ਰਹੀ ਆਬਾਦੀ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਕਮਲਜੀਤ ਸਿੰਘ, ਅਧਿਆਪਕ ਹਰਪਾਲ ਕੌਰ ਅਤੇ ਬਿੰਦਰ ਕੌਰ ਤੋਂ ਇਲਾਵਾ ਆਸ਼ਾ ਵਰਕਰ ਗਗਨਦੀਪ ਕੌਰ ਹਾਜ਼ਰ ਸਨ।


