

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਬਰਨਾਲਾ ਵਿਖੇ ਵਿਦਿਆਰਥੀਆਂ ਲਈ ‘ਸਿਵਿਕ ਲਰਨਿੰਗ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ
ਬਰਨਾਲਾ, 10 ਜੁਲਾਈ (ਹਿਮਾਂਸ਼ੂ ਗੋਇਲ)
ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਾਬਾ ਗੰਧਾ ਸਿੰਘ ਪਬਲਿਕ ਸਕੂਲ, ਬਰਨਾਲਾ ਵਿਖੇ ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਸਿਵਿਕ ਲਰਨਿੰਗ’ (ਨਾਗਰਿਕ ਸਿੱਖਿਆ) ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕਰਨਾ ਅਤੇ ਸਕੂਲ ਵਿੱਚ ਆਪਸੀ ਸਤਿਕਾਰ ਅਤੇ ਸੁਖਾਵਾਂ ਮਾਹੌਲ ਪੈਦਾ ਕਰਨਾ ਸੀ।
ਸੈਮੀਨਾਰ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲਾਠ ਨੇ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਸੰਵਿਧਾਨਕ ਅਧਿਕਾਰਾਂ ਅਤੇ ਫਰਜ਼ਾਂ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲਾਂ ਵਿੱਚ ਵੱਧ ਰਹੀ ਬੁਲਿੰਗ (ਧੱਕੇਸ਼ਾਹੀ) ਦੀ ਸਮੱਸਿਆ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਦਾ ਸਤਿਕਾਰ ਕਰਨਾ ਅਤੇ ਆਪਸੀ ਭਾਈਚਾਰਾ ਬਣਾਈ ਰੱਖਣਾ ਹੀ ਸੱਚੀ ਨਾਗਰਿਕਤਾ ਦੀ ਪਹਿਚਾਣ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਕਿਤਾਬੀ ਗਿਆਨ ਹਾਸਲ ਕਰਨਾ ਨਹੀਂ, ਸਗੋਂ ਸਮਾਜ ਪ੍ਰਤੀ ਜ਼ਿੰਮੇਵਾਰ ਅਤੇ ਸੰਵੇਦਨਸ਼ੀਲ ਨਾਗਰਿਕ ਤਿਆਰ ਕਰਨਾ ਹੈ, ਜੋ ਸਮਾਜ ਦੇ ਵਿਕਾਸ ਵਿੱਚ ਸਕਾਰਾਤਮਕ ਯੋਗਦਾਨ ਪਾ ਸਕਣ।
ਸੈਮੀਨਾਰ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਚੰਗੇ ਨਾਗਰਿਕ ਬਣਨ, ਬੁਲਿੰਗ ਦਾ ਡਟ ਕੇ ਵਿਰੋਧ ਕਰਨ ਅਤੇ ਸਮਾਜ ਸੇਵਾ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਦਾ ਸੰਕਲਪ ਲਿਆ। ਸਕੂਲ ਦੇ ਸਮੂਹ ਸਟਾਫ ਨੇ ਇਸ ਸਫ਼ਲ ਸੈਮੀਨਾਰ ਲਈ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲਾਠ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਉਪ-ਪ੍ਰਿੰਸੀਪਲ ਮੈਡਮ ਸੁਮਨ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।


