

ਗੁਰੂ ਰਵਿਦਾਸ ਜੀ ਦਾ ਸੰਦੇਸ਼ ਘਰ ਘਰ ਪਹੁੰਚਾਉਣ ਲਈ ਵੈਨ ਰਾਹੀਂ ਹਰ ਪਿੰਡ ‘ਚ ਦਿਖਾਈ ਜਾਵੇਗੀ ਦਸਤਾਵੇਜ਼ੀ: ਮੀਤ ਹੇਅਰ
ਸੰਸਦ ਮੈਂਬਰ ਮੀਤ ਹੇਅਰ ਨੇ ਵੈਨ ਨੂੰ ਦਿਖਾਈ ਹਰੀ ਝੰਡੀ
ਬਰਨਾਲਾ, 7 ਜੁਲਾਈ
ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਅਤੇ ਉਨ੍ਹਾਂ ਦੇ ਜੀਵਨ ਫਲਸਫ਼ੇ ਅਤੇ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ ਦਸਤਾਵੇਜ਼ੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਪੁੱਜੀ ਵੈਨ ਨੂੰ ਅੱਜ ਇਥੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਹਰੀ ਝੰਡੀ ਦਿਖਾ ਕੇ ਪਿੰਡਾਂ ਲਈ ਰਵਾਨਾ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਫਲਸਫ਼ੇ ਅਤੇ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਹਰ ਪਿੰਡ ਵਿੱਚ ਦਸਤਾਵੇਜ਼ੀ ਦਿਖਾਈ ਜਾਣੀ ਹੈ। ਓਹਨਾਂ ਕਿਹਾ ਕਿ ਅੱਜ ਪਿੰਡ ਕਰਮਗੜ੍ਹ ਅਤੇ ਨੰਗਲ ਵਿਚ ਇਹ ਦਸਤਾਵੇਜ਼ੀ ਦਿਖਾਈ ਜਾਵੇਗੀ ਜਿਸ ਦੇ ਲਈ ਵੈਨ ਨੂੰ ਅੱਜ ਰਵਾਨਾ ਕੀਤਾ ਗਿਆ ਹੈ।
ਓਹਨਾਂ ਕਿਹਾ ਕਿ ਰੋਜ਼ਾਨਾ ਦੋ ਪਿੰਡਾਂ ਵਿੱਚ ਇਸ ਵੈਨ ਰਾਹੀਂ ਇਹ ਦਸਤਾਵੇਜ਼ੀ ਦਿਖਾਈ ਜਾਵੇਗੀ ਤਾਂ ਜੋ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਹਰ ਘਰ ਤੱਕ ਪਹੁੰਚ ਸਕਣ। ਉਨ੍ਹਾਂ ਦੱਸਿਆ ਕਿ ਇਹ ਦਸਤਾਵੇਜ਼ੀ 30 ਮਿੰਟ ਦੀ ਹੋਵੇਗੀ।
ਓਹਨਾਂ ਪਿੰਡਾਂ ਦੇ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਦਸਤਾਵੇਜ਼ੀ ਨੂੰ ਦੇਖਣ ਪਰਿਵਾਰਾਂ ਸਮੇਤ ਜ਼ਰੂਰ ਪੁੱਜਣ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾ ਸਕੀਏ।
ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਨਗਰ ਨਿਗਮ ਮੇਅਰ ਹਸਨ ਭਾਰਦਵਾਜ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਐਮਸੀ ਗਗਨਦੀਪ ਸਿੰਘ, ਰਾਜਿੰਦਰ ਸਿੰਘ ਰਾਜੂ ਤੋਂ ਇਲਾਵਾ ਭੋਲਾ ਸਿੰਘ, ਹਰਪ੍ਰੀਤ ਸਿੰਘ ਬਿੱਟੂ, ਸ੍ਰੀ ਗੁਰੂ ਰਵਿਦਾਸ ਸਭਾ ਤੋਂ ਜਗਰਾਜ ਸਿੰਘ ਪੰਡੋਰੀ, ਜਗਤਾਰ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ।


