

ਨੌਜਵਾਨਾਂ ਦੇ ਸੁਨਹਿਰੇ ਭਵਿੱਖ ਦਾ ਅਧਾਰ ਬਣਿਆ ਮੀਰੀ-ਪੀਰੀ ਖਾਲਸਾ ਕਾਲਜ ਭਦੌੜ
ਆਧੁਨਿਕ ਸਿੱਖਿਆ, ਰੁਜ਼ਗਾਰਮੁਖੀ ਕੋਰਸ, ਮੁਫ਼ਤ ਮੁਕਾਬਲੇ ਦੀ ਕੋਚਿੰਗ ਅਤੇ ਸ਼ਾਨਦਾਰ ਪਲੇਸਮੈਂਟ ਨਾਲ ਸੰਸਥਾ ਬਣਾ ਰਹੀ ਨਵੀਂ ਪਛਾਣ
ਭਦੌੜ/ਬਰਨਾਲਾ (ਹਿਮਾਂਸ਼ੂ ਗੋਇਲ): ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਹੇਠ ਚੱਲ ਰਿਹਾ ਮੀਰੀ-ਪੀਰੀ ਖਾਲਸਾ ਕਾਲਜ, ਭਦੌੜ ਅੱਜ ਇਲਾਕੇ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਚੁੱਕਾ ਹੈ। ਉੱਚ ਪੱਧਰੀ ਸਿੱਖਿਆ, ਆਧੁਨਿਕ ਬੁਨਿਆਦੀ ਢਾਂਚਾ, ਰੁਜ਼ਗਾਰਮੁਖੀ ਕੋਰਸਾਂ ਅਤੇ ਵਿਦਿਆਰਥੀ-ਕੇਂਦਰਿਤ ਪਹਿਲਕਦਮੀਆਂ ਸਦਕਾ ਇਹ ਕਾਲਜ ਨੌਜਵਾਨਾਂ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਵਿਦਿਆ ਇੰਜੀਨੀਅਰ ਸੁਖਮੰਦਰ ਸਿੰਘ ਦੀ ਰਹਿਨੁਮਾਈ ਹੇਠ, ਪ੍ਰਿੰਸੀਪਲ ਮਲਵਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਸਮੁੱਚੇ ਸਟਾਫ਼ ਦੀ ਮਿਹਨਤ ਸਦਕਾ ਕਾਲਜ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਨੈਸ਼ਨਲ ਐਜੂਕੇਸ਼ਨ ਟਰੱਸਟ ਆਫ਼ ਇੰਡੀਆ ਵੱਲੋਂ ਸੰਸਥਾ ਨੂੰ ਵਿਸ਼ੇਸ਼ ਸਨਮਾਨ ਮਿਲ ਚੁੱਕਾ ਹੈ, ਜਦਕਿ ਪ੍ਰਿੰਸੀਪਲ ਮਲਵਿੰਦਰ ਸਿੰਘ ਨੂੰ ਬੈਸਟ ਪ੍ਰਿੰਸੀਪਲ ਐਵਾਰਡ ਅਤੇ ਪ੍ਰੋ. ਡਾ. ਵੰਦਨਾ ਸੁਖੀਜਾ ਨੂੰ ਬੈਸਟ ਫੈਕਲਟੀ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਕਾਲਜ ਵਿੱਚ ਗਿਆਰਵੀਂ ਅਤੇ ਬਾਰਵੀਂ (ਆਰਟਸ ਅਤੇ ਕਾਮਰਸ) ਤੋਂ ਇਲਾਵਾ ਬੀ.ਏ., ਬੀ.ਕਾਮ., ਬੀ.ਸੀ.ਏ., ਐਮ.ਏ. (ਪੰਜਾਬੀ), ਪੀ.ਜੀ.ਡੀ.ਸੀ.ਏ. ਅਤੇ ਐਮ.ਐਸ.ਸੀ. (ਆਈ.ਟੀ.) ਵਰਗੇ ਕੋਰਸ ਸਫ਼ਲਤਾਪੂਰਵਕ ਚੱਲ ਰਹੇ ਹਨ। ਵਿਦਿਆਰਥੀਆਂ ਨੂੰ ਸਮੇਂ ਦੀ ਲੋੜ ਅਨੁਸਾਰ ਸਿੱਖਿਆ ਪ੍ਰਦਾਨ ਕਰਨ ਲਈ ਸਮਾਰਟ ਕਲਾਸਰੂਮ, ਅਤਿ-ਆਧੁਨਿਕ ਆਈ.ਸੀ.ਟੀ. ਲੈਬ, ਏਅਰ ਕੰਡੀਸ਼ਨਡ ਲਾਇਬ੍ਰੇਰੀ, ਡਿਜ਼ੀਟਲ ਲਰਨਿੰਗ ਸਰੋਤ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵਿਸ਼ੇਸ਼ ਸੈਕਸ਼ਨ ਸਥਾਪਿਤ ਕੀਤਾ ਗਿਆ ਹੈ।
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਰੁਜ਼ਗਾਰ ਨੂੰ ਧਿਆਨ ਵਿੱਚ ਰੱਖਦਿਆਂ ਕਾਲਜ ਵੱਲੋਂ ਮਹਿੰਦਰਾ ਐਂਡ ਮਹਿੰਦਰਾ ਅਤੇ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਰਸਨੈਲਿਟੀ ਡਿਵੈਲਪਮੈਂਟ, ਕਰੀਅਰ ਗਾਈਡੈਂਸ, ਇੰਡਸਟਰੀ ਵਿਜ਼ਿਟ ਅਤੇ ਮੈਗਾ ਪਲੇਸਮੈਂਟ ਡਰਾਈਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਉਪਰਾਲਿਆਂ ਦੇ ਨਤੀਜੇ ਵਜੋਂ ਕਾਲਜ ਦੇ ਨੌਂ ਵਿਦਿਆਰਥੀਆਂ ਨੂੰ ਵੱਖ-ਵੱਖ ਨਾਮੀ ਕੰਪਨੀਆਂ ਵਿੱਚ ਨੌਕਰੀ ਮਿਲੀ ਹੈ। ਇਸ ਤੋਂ ਇਲਾਵਾ ਚਾਰ ਵਿਦਿਆਰਥੀ ਡਾਕ ਵਿਭਾਗ, ਪੰਜ ਫੌਜ ਅਤੇ ਇੱਕ ਵਿਦਿਆਰਥੀ ਕਮਾਂਡੋ ਪੁਲਿਸ ਵਿੱਚ ਚੁਣੇ ਗਏ ਹਨ। ਕਾਲਜ ਦੇ ਵਿਦਿਆਰਥੀ ਸਿਕੰਦਰ ਸਿੰਘ ਨੇ ਰਾਸ਼ਟਰੀ ਪੱਧਰ ਦੀਆਂ ਕੁਸ਼ਤੀ ਪ੍ਰਾਪਤੀਆਂ ਦੇ ਆਧਾਰ ‘ਤੇ ਬੀ.ਐਸ.ਐਫ. ਵਿੱਚ ਨੌਕਰੀ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਾਲਜ ਵਿੱਚ ਯੂ.ਪੀ.ਐਸ.ਸੀ., ਪੀ.ਪੀ.ਐਸ.ਸੀ., ਐਸ.ਐਸ.ਸੀ., ਬੈਂਕਿੰਗ, ਐਨ.ਡੀ.ਏ. ਅਤੇ ਸੀ-ਸੈਟ ਦੀ ਮੁਫ਼ਤ ਕੋਚਿੰਗ ਦਿੱਤੀ ਜਾਂਦੀ ਹੈ। ਨਿਸ਼ਚੇ ਅਕੈਡਮੀ ਦੇ ਸਹਿਯੋਗ ਨਾਲ ਆਨਲਾਈਨ ਕਲਾਸਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਸੈਸ਼ਨ ਤੋਂ Comprehensive Competitive Learning Program ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਜੀ.ਕੇ., ਕਰੰਟ ਅਫੇਅਰਜ਼, ਅੰਗਰੇਜ਼ੀ ਅਤੇ ਕਮਿਊਨੀਕੇਸ਼ਨ ਸਕਿੱਲਜ਼ ਦੀ ਵਿਸ਼ੇਸ਼ ਤਿਆਰੀ ਕਰਵਾਈ ਜਾਵੇਗੀ।
ਕਾਲਜ ਵਿੱਚ ਸਿੱਖਿਆ ਦੇ ਨਾਲ-ਨਾਲ ਰਿਸਰਚ, ਸੈਮੀਨਾਰ, ਕਾਨਫਰੰਸਾਂ, ਇੰਟਰਨਸ਼ਿਪ ਅਤੇ ਹੁਨਰ ਵਿਕਾਸ ਗਤੀਵਿਧੀਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਕੰਪਿਊਟਰ ਵਿਭਾਗ ਵੱਲੋਂ ਪਾਇਥਨ ਪ੍ਰੋਗਰਾਮਿੰਗ ‘ਤੇ ਇੱਕ ਮਹੀਨੇ ਦੀ ਇੰਟਰਨਸ਼ਿਪ ਕਰਵਾਈ ਗਈ, ਜਦਕਿ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਵਿਦਿਆਰਥੀਆਂ ਦੀ ਰੂ-ਬ-ਰੂ ਮੁਲਾਕਾਤ ਵੀ ਕਰਵਾਈ ਜਾਂਦੀ ਹੈ।
ਖੇਡਾਂ, ਸੱਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗਿਆਨ ਪ੍ਰਚੰਡ ਪ੍ਰਸ਼ਨੋਤਰੀ ਮੁਕਾਬਲੇ ਵਿੱਚ 31 ਕਾਲਜਾਂ ਵਿੱਚੋਂ ਚੌਥਾ ਸਥਾਨ ਹਾਸਲ ਕਰਕੇ 31 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਗਈ। ਧਾਰਮਿਕ ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ।
ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਦਾਰ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਸੈਸ਼ਨ 2025-26 ਦੌਰਾਨ ਕਰੀਬ 5.95 ਲੱਖ ਰੁਪਏ ਦੀ ਸਕਾਲਰਸ਼ਿਪ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ Earn While Learn ਯੋਜਨਾ ਤਹਿਤ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਕੇ ਆਪਣੇ ਹੁਨਰ, ਆਤਮ-ਵਿਸ਼ਵਾਸ ਅਤੇ ਆਰਥਿਕ ਸਵੈ-ਨਿਰਭਰਤਾ ਨੂੰ ਵੀ ਮਜ਼ਬੂਤ ਬਣਾ ਰਹੇ ਹਨ।
ਪ੍ਰਿੰਸੀਪਲ ਮਲਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਹੁਨਰਮੰਦ, ਰੁਜ਼ਗਾਰ ਯੋਗ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸੰਸਥਾ ਸਿੱਖਿਆ ਨੂੰ ਹੋਰ ਰੁਜ਼ਗਾਰਮੁਖੀ ਅਤੇ ਸਮੇਂ ਦੀਆਂ ਲੋੜਾਂ ਅਨੁਸਾਰ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹੇਗੀ।


