

ਪਿੰਡ ਰੂੜੇਕੇ ਦੇ ਕਰਨਵੀਰ ਦੀ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ਦੇ ਭਾਰਤੀ ਕੈਂਪ ਲਈ ਚੋਣ
ਪੰਜਾਬ ਭਰ ‘ਚੋਂ ਚੁਣਿਆ ਜਾਣ ਵਾਲਾ ਇਕਲੌਤਾ ਖਿਡਾਰੀ
ਚੀਨ ਵਿਚ ਹੋਵੇਗੀ ਚੈਂਪੀਅਨਸ਼ਿਪ, ਏਸ਼ੀਆ ਦੇ 16 ਦੇਸ਼ ਲੈਣਗੇ ਹਿੱਸਾ
ਬਰਨਾਲਾ/ਤਪਾ/ਰੂੜੇਕੇ, 26 ਜੂਨ(ਹਿਮਾਂਸ਼ੂ ਗੋਇਲ)
ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਦੇ ਹੋਣਹਾਰ ਵਾਲੀਬਾਲ ਖਿਡਾਰੀ ਕਰਨਵੀਰ ਸਿੰਘ ਧਾਲੀਵਾਲ ਦੀ ਚੋਣ ਅੰਡਰ-18 ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ (ਮੈੱਨ) ਲਈ ਲੱਗਣ ਵਾਲੇ ਭਾਰਤੀ ਟੀਮ ਦੇ ਰਾਸ਼ਟਰੀ ਕੈਂਪ ਲਈ ਹੋਈ।
ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਸਥਿਤ ਕਲਿੰਗਾ ਇੰਸਟੀਟਿਊਟ ਆਫ਼ ਇੰਡਸਟਰੀਅਲ ਟੈਕਨੋਲੋਜੀ ਵਿਖੇ 23 ਤੋਂ 25 ਜੂਨ ਤੱਕ ਹੋਏ ਰਾਸ਼ਟਰੀ ਪੱਧਰ ਦੇ ਟਰਾਇਲਾਂ ਵਿੱਚ ਕਰਨਵੀਰ ਸਿੰਘ ਪੂਰੇ ਪੰਜਾਬ ਵਿੱਚੋਂ ਚੁਣਿਆ ਜਾਣ ਵਾਲਾ ਇਕਲੌਤਾ ਖਿਡਾਰੀ ਬਣਿਆ ਹੈ।
ਏਸ਼ੀਅਨ ਵਾਲੀਬਾਲ ਕੈਨਫੈਡਰੇਸ਼ਨ (AVC) ਵੱਲੋਂ ਇਹ ਵੱਕਾਰੀ ਏਸ਼ੀਅਨ ਚੈਂਪੀਅਨਸ਼ਿਪ ਆਗਾਮੀ 12 ਤੋਂ 18 ਜੁਲਾਈ ਤੱਕ ਚੀਨ ਦੇ ਤੱਟੀ ਸ਼ਹਿਰ ਹਾਇਕੋ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਏਸ਼ੀਆ ਮਹਾਂਦੀਪ ਦੇ 16 ਪ੍ਰਮੁੱਖ ਦੇਸ਼ ਹਿੱਸਾ ਲੈਣਗੇ।
ਇਸ ਮਾਣਮੱਤੀ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਉਮੇਸ਼ਵਰੀ ਸ਼ਰਮਾ ਨੇ ਕਰਨਵੀਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਖੇਡ ਵਿਭਾਗ ਵਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਲਈ ਲਗਾਤਾਰ ਲੋੜੀਂਦੇ ਤੇ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਵਾਲੀਬਾਲ ਕੋਚ ਗੁਰਜੋਤ ਸਿੰਘ ਅਤੇ ਅਜੇ ਨਾਗਰ ਵੀ ਕਰਨਵੀਰ ਨੂੰ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਕਰਨਵੀਰ ਸਿੰਘ ‘ਸਪੋਰਟਸ ਅਥਾਰਟੀ ਆਫ ਇੰਡੀਆ’ (SAI) ਦੇ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਮਸਤੂਆਣਾ ਸਾਹਿਬ ਵਿੰਗ ਦਾ ਖਿਡਾਰੀ ਹੈ ਅਤੇ ਇਸ ਸਮੇਂ ਵਾਲੀਬਾਲ ਕੋਚ ਯਾਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਸਖ਼ਤ ਟ੍ਰੇਨਿੰਗ ਲੈ ਰਿਹਾ ਹੈ।
ਕਰਨਵੀਰ ਸਿੰਘ ਦੇ ਦਾਦਾ ਜੀ ਸਵ. ਸ੍ਰ. ਨਾਜਰ ਸਿੰਘ ਡੀ.ਪੀ.ਈ. ਖੇਡ ਪਰਿਵਾਰ ਦੇ ਮੋਢੀ, ਜਿਨ੍ਹਾਂ ਨੇ ਆਪਣੇ ਸੇਵਾ-ਕਾਲ ਦੌਰਾਨ ਅਨੇਕਾਂ ਚੋਟੀ ਦੇ ਖਿਡਾਰੀ ਪੈਦਾ ਕੀਤੇ। ਇਸ ਤੋਂ ਇਲਾਵਾ ਉਸਦੇ ਚਾਚਾ ਜੀ ਚਮਕੌਰ ਸਿੰਘ ਜੈਕੀ ਹੈਮਰ ਥਰੋਅ ਦੇ ਅਤੇ ਪਿਤਾ ਮਨਪ੍ਰੀਤ ਸਿੰਘ ਉਰਫ਼ ਲੱਕੀ ਆਪਣੇ ਸਮੇਂ ਦੇ ਬਿਹਤਰੀਨ ਵਾਲੀਬਾਲ ਖਿਡਾਰੀ ਰਹੇ ਹਨ।

ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ
ਕਰਨਵੀਰ ਸਿੰਘ ਦੀ ਸਫ਼ਲਤਾ ‘ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਕਰਨਵੀਰ, ਪਰਿਵਾਰ ਅਤੇ ਕੋਚ ਨੂੰ ਵਧਾਈ ਦਿੱਤੀ। ਓਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਅਤੇ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਰਨਵੀਰ ਭਵਿੱਖ ਵਿੱਚ ਭਾਰਤੀ ਟੀਮ ਵੱਲੋਂ ਖੇਡਦਿਆਂ ਏਸ਼ੀਆ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬਰਨਾਲੇ ਅਤੇ ਪੂਰੇ ਪੰਜਾਬ ਦਾ ਮਾਣ ਹੋਰ ਵਧਾਏਗਾ।


