

ਬਰਨਾਲਾ ਦੇ ਸੈਂਕੜੇ ਵਿਦਿਆਰਥੀਆਂ ਨੇ ਭਾਰਤ-ਅਫਗਾਨਿਸਤਾਨ ਟੈਸਟ ਮੈਚ ਦਾ ਮਾਣਿਆ ਆਨੰਦ
ਮੀਤ ਹੇਅਰ ਦੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਦੇ 1100 ਵਿਦਿਆਰਥੀਆਂ ਨੇ ਪਹਿਲੀ ਵਾਰ ਸਟੇਡੀਅਮ ਅੰਦਰ ਬੈਠ ਕੇ ਦੇਖਿਆ ਟੈਸਟ ਮੈਚ
ਮੀਤ ਹੇਅਰ ਅਤੇ ਸ਼ੁਭਮਨ ਗਿੱਲ ਦੇ ਪਿਤਾ ਨੇ ਯੁਵਰਾਜ ਸਿੰਘ ਸਟੈਂਡ ਵਿੱਚ ਵਿਦਿਆਰਥੀਆਂ ਨਾਲ ਬੈਠ ਕੇ ਦੇਖਿਆ ਮੈਚ
ਬਰਨਾਲਾ ਦੇ 1100 ਵਿਦਿਆਰਥੀਆਂ ਨੇ ਟੈਸਟ ਮੈਚ ਦਾ ਮਾਣਿਆ ਆਨੰਦ
ਬਰਨਾਲਾ, 8 ਜੂਨ(ਹਿਮਾਂਸ਼ੂ ਗੋਇਲ)ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸਕੱਤਰ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਸੱਦੇ ’ਤੇ ਅੱਜ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ 1100 ਵਿਦਿਆਰਥੀਆਂ ਨੇ ਨਿਊ ਚੰਡੀਗੜ੍ਹ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤ-ਅਫਗਾਨਿਸਤਾਨ ਟੈਸਟ ਮੈਚ ਦਾ ਆਨੰਦ ਮਾਣਿਆ। ਇਸ ਮੌਕੇ ਮੀਤ ਹੇਅਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨਾਲ ਯੁਵਰਾਜ ਸਿੰਘ ਸਟੈਂਡ ਵਿੱਚ ਬੈਠ ਕੇ ਮੈਚ ਦੇਖਿਆ। ਭਾਰਤ ਨੇ ਇਹ ਮੈਚ ਇੱਕ ਪਾਰੀ ਅਤੇ 300 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।

ਸਕੂਲ ਆਫ ਐਮੀਨੈਂਸ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 1100 ਵਿਦਿਆਰਥੀਆਂ ਨੇ ਸਟੇਡੀਅਮ ਵਿੱਚ ਪੂਰੇ ਦਿਨ ਜੋਸ਼ ਅਤੇ ਉਤਸ਼ਾਹ ਦਾ ਮਾਹੌਲ ਬਣਾਈ ਰੱਖਿਆ। ਵਿਦਿਆਰਥੀਆਂ ਨੇ ਤਾੜੀਆਂ ਦੀ ਗੂੰਜ ਨਾਲ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਆਪਣੀ ਮਨਪਸੰਦ ਟੀਮ ਦੇ ਸਮਰਥਨ ਵਿੱਚ ਬੈਨਰ ਅਤੇ ਪੋਸਟਰ ਵੀ ਤਿਆਰ ਕੀਤੇ ਹੋਏ ਸਨ।
ਯੁਵਰਾਜ ਸਿੰਘ ਸਟੈਂਡ ਵਿੱਚ ਵਿਦਿਆਰਥੀਆਂ ਨੂੰ ਮਿਲਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਮੀਤ ਹੇਅਰ ਨੇ ਉਨ੍ਹਾਂ ਨਾਲ ਬੈਠ ਕੇ ਮੈਚ ਦੇ ਦੂਜੇ ਸੈਸ਼ਨ ਦਾ ਆਨੰਦ ਮਾਣਿਆ। ਸਾਰੇ ਵਿਦਿਆਰਥੀ ਪਹਿਲੀ ਵਾਰ ਸਟੇਡੀਅਮ ਅੰਦਰ ਬੈਠ ਕੇ ਕ੍ਰਿਕਟ ਮੈਚ ਦੇਖਣ ਪਹੁੰਚੇ ਸਨ। ਵਿਦਿਆਰਥੀਆਂ ਨੇ ਇਸ ਯਾਦਗਾਰੀ ਮੌਕੇ ਲਈ ਮੀਤ ਹੇਅਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਸ਼ੁਭਮਨ ਗਿੱਲ ਦੇ ਪਿਤਾ ਤੋਂ ਆਪਣੇ ਪੋਸਟਰਾਂ ’ਤੇ ਆਟੋਗ੍ਰਾਫ ਵੀ ਲਏ।
ਮੀਤ ਹੇਅਰ ਨੇ ਪੀਸੀਏ ਵੱਲੋਂ ਸਾਰੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਲਈ ਇਹ ਇੱਕ ਵਿਲੱਖਣ ਮੌਕਾ ਹੈ, ਜਦੋਂ ਉਹ ਆਪਣੀ ਮਨਪਸੰਦ ਟੀਮ ਨੂੰ ਮੈਦਾਨ ਵਿੱਚ ਖੇਡਦਾ ਹੋਇਆ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਨ ਅਤੇ ਖਿਡਾਰੀਆਂ ਦਾ ਹੌਸਲਾ ਵਧਾ ਰਹੇ ਹਨ।
ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਲਈ ਮੈਚ ਦੇਖਣ ਦਾ ਇਹ ਸੁਨਹਿਰੀ ਮੌਕਾ ਸੀ, ਜਿਸ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਪ੍ਰਬੰਧ ਕੀਤੇ ਗਏ। ਵਿਦਿਆਰਥੀਆਂ ਦੇ ਆਉਣ-ਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਦਕਿ ਦੁਪਹਿਰ ਦੇ ਖਾਣੇ ਅਤੇ ਰਿਫਰੈਸ਼ਮੈਂਟ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਗਈ। ਇਸ ਤੋਂ ਇਲਾਵਾ ਪੀਸੀਏ ਵੱਲੋਂ ਯਾਦਗਾਰੀ ਚਿੰਨ੍ਹ ਵਜੋਂ ਟੀ-ਸ਼ਰਟਾਂ ਵੀ ਭੇਟ ਕੀਤੀਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਖੇਡ ਪ੍ਰਬੰਧਕ ਸਿਮਰਦੀਪ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਇੰਚਾਰਜ ਵੀ ਹਾਜ਼ਰ ਸਨ।


