

ਬਿਮਾਰੀਆਂ ਤੋਂ ਬਚਾਅ ਲਈ ਸਮੇਂ-ਸਿਰ ਸਰੀਰਕ ਜਾਂਚ ਕਰਵਾਉਣਾ ਬਹੁਤ ਜ਼ਰੂਰੀ : ਡਾ. ਧਾਲੀਵਾਲ
ਇੱਕ ਰੋਜ਼ਾ ਫਾਈਬਰੋਸਕੈਨ ਅਤੇ ਬਲੱਡ ਟੈਸਟ ਕੈਂਪ ਵਿੱਚ 90 ਮਰੀਜ਼ਾਂ ਦੀ ਕੀਤੀ ਗਈ ਜਾਂਚ
ਬਰਨਾਲਾ, 5 ਮਈ (ਹਿਮਾਂਸ਼ੂ ਗੋਇਲ)ਸ਼ਹਿਰ ਦੇ ਪ੍ਰਸਿੱਧ ਧਾਲੀਵਾਲ ਗੈਸਟਰੋ ਕਲੀਨਿਕ, ਬਰਨਾਲਾ ਵਿਖੇ ਪੇਟ ਅਤੇ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਦੀ ਜਾਂਚ ਲਈ ਇੱਕ ਰੋਜ਼ਾ ਫਾਈਬਰੋਸਕੈਨ ਅਤੇ ਬਲੱਡ ਟੈਸਟ ਕੈਂਪ ਬਹੁਤ ਹੀ ਰਿਆਇਤੀ ਦਰਾਂ ‘ਤੇ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੀਨਿਕ ਦੇ ਮੁਖੀ ਡਾ. ਮਨਜਿੰਦਰ ਸਿੰਘ ਧਾਲੀਵਾਲ (ਐਮ.ਡੀ. ਮੈਡੀਸਨ, ਡੀ.ਐਮ. ਗੈਸਟਰੋਐਂਟਰੋਲੋਜੀ) ਨੇ ਦੱਸਿਆ ਕਿ ਕੈਂਪ ਦੌਰਾਨ ਫਾਈਬਰੋਸਕੈਨ ਦੇ ਨਾਲ-ਨਾਲ ਪੇਟ ਅਤੇ ਲੀਵਰ ਨਾਲ ਸੰਬੰਧਿਤ ਵੱਖ-ਵੱਖ ਬਿਮਾਰੀਆਂ ਦੇ ਬਲੱਡ ਟੈਸਟ ਵੀ ਕੀਤੇ ਗਏ। ਜਾਂਚ ਰਿਪੋਰਟਾਂ ਦੇ ਆਧਾਰ ‘ਤੇ ਮਰੀਜ਼ਾਂ ਨੂੰ ਸਿਹਤ ਸੰਬੰਧੀ ਲੋੜੀਂਦੀ ਜਾਣਕਾਰੀ ਅਤੇ ਮੈਡੀਕਲ ਸਲਾਹ ਵੀ ਪ੍ਰਦਾਨ ਕੀਤੀ ਗਈ। ਕੈਂਪ ਦੌਰਾਨ ਕੁੱਲ 90 ਮਰੀਜ਼ਾਂ ਦੀ ਜਾਂਚ ਕੀਤੀ ਗਈ।
ਡਾ. ਧਾਲੀਵਾਲ ਨੇ ਕਿਹਾ ਕਿ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਹਰ ਵਿਅਕਤੀ ਨੂੰ ਆਪਣੇ ਸਰੀਰ ਅਤੇ ਸਿਹਤ ਲਈ ਸਮਾਂ ਕੱਢਣਾ ਚਾਹੀਦਾ ਹੈ। ਬਿਮਾਰੀਆਂ ਤੋਂ ਬਚਾਅ ਅਤੇ ਸਮੇਂ ਸਿਰ ਇਲਾਜ ਲਈ ਨਿਯਮਿਤ ਸਰੀਰਕ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੇਟ ਨਾਲ ਸੰਬੰਧਿਤ ਜ਼ਿਆਦਾਤਰ ਬਿਮਾਰੀਆਂ ਗਲਤ ਖਾਣ-ਪੀਣ ਅਤੇ ਅਣਸੁਥਰੀ ਜੀਵਨ-ਸ਼ੈਲੀ ਕਾਰਨ ਪੈਦਾ ਹੁੰਦੀਆਂ ਹਨ। ਇਸ ਲਈ ਵੱਧ ਤੋਂ ਵੱਧ ਘਰ ਦਾ ਬਣਿਆ ਹੋਇਆ ਸਾਫ਼-ਸੁਥਰਾ ਅਤੇ ਪੌਸ਼ਟਿਕ ਭੋਜਨ ਹੀ ਵਰਤਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਆਪਣੇ ਪਰਿਵਾਰਕ ਡਾਕਟਰ ਜਾਂ ਕਿਸੇ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਤਾਂ ਜੋ ਬਿਮਾਰੀ ਦਾ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕਈ ਲੋਕ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਕਾਰਨ ਬਿਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ ਅਤੇ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ।
ਡਾ. ਧਾਲੀਵਾਲ ਨੇ ਕਿਹਾ ਕਿ ਕੋਈ ਵੀ ਬਿਮਾਰੀ ਸ਼ੁਰੂ ਵਿੱਚ ਵੱਡੀ ਨਹੀਂ ਹੁੰਦੀ, ਪਰ ਅਣਗਹਿਲੀ, ਗਲਤ ਸਲਾਹ ਅਤੇ ਸਮੇਂ ਸਿਰ ਇਲਾਜ ਨਾ ਕਰਵਾਉਣ ਕਾਰਨ ਉਹ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਲੀਆਂ ਹੋਈਆਂ ਚੀਜ਼ਾਂ ਅਤੇ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕੀਤਾ ਜਾਵੇ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਈ ਜਾਵੇ।
ਉਨ੍ਹਾਂ ਕਿਹਾ ਕਿ ਚੰਗੀ ਸਿਹਤ ਹੀ ਖੁਸ਼ਹਾਲ ਜੀਵਨ ਦੀ ਕੁੰਜੀ ਹੈ ਅਤੇ ਸਮੇਂ-ਸਿਰ ਕੀਤੀ ਗਈ ਜਾਂਚ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।


