

ਇੰਡਸਟਰੀਅਲ ਚੈਂਬਰ ਬਰਨਾਲਾ ਦੇ ਸਹਿਯੋਗ ਨਾਲ ਆਰੀਆਭੱਟਾ ਗਰੁੱਪ ਵਿਖੇ ਮੈਡਮ ਮਨਦੀਪ ਕੌਰ ਟਾਂਗਰਾ ਦਾ ਪ੍ਰੇਰਣਾਦਾਇਕ ਸੈਮੀਨਾਰ ਸਫਲਤਾਪੂਰਵਕ ਸੰਪੰਨ
• ਵਿਦਿਆਰਥੀਆਂ, ਉਦਯੋਗਪਤੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ
• ਵਿਸ਼ਵ ਪ੍ਰਸਿੱਧ ਥਾਟ ਲੀਡਰ ਮੈਡਮ ਮਨਦੀਪ ਕੌਰ ਟਾਂਗਰਾ ਨੇ ਸਫਲਤਾ, ਲੀਡਰਸ਼ਿਪ ਅਤੇ ਸਕਾਰਾਤਮਕ ਸੋਚ ਬਾਰੇ ਦਿੱਤਾ ਪ੍ਰੇਰਣਾਦਾਇਕ ਸੰਦੇਸ਼।
ਬਰਨਾਲਾ(ਹਿਮਾਂਸ਼ੂ ਗੋਇਲ)ਇੰਡਸਟਰੀਅਲ ਚੈਂਬਰ ਬਰਨਾਲਾ ਦੇ ਸਹਿਯੋਗ ਨਾਲ ਆਰੀਆਭੱਟਾ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਵਿਖੇ ਵਿਸ਼ਵ ਪ੍ਰਸਿੱਧ ਥਾਟ ਲੀਡਰ, TEDx ਸਪੀਕਰ ਅਤੇ ਪ੍ਰੇਰਕ ਵਕਤਾ ਮੈਡਮ ਮਨਦੀਪ ਕੌਰ ਟਾਂਗਰਾ ਦਾ ਵਿਸ਼ੇਸ਼ ਪ੍ਰੇਰਣਾਦਾਇਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ, ਉਦਯੋਗਪਤੀਆਂ, ਵਪਾਰੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਮੈਡਮ ਟਾਂਗਰਾ ਨੇ ਆਪਣੇ ਸੰਬੋਧਨ ਦੌਰਾਨ ਸਫਲਤਾ, ਲੀਡਰਸ਼ਿਪ, ਉਦਮਤਾ, ਸਮਾਂ ਪ੍ਰਬੰਧਨ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਫਲਤਾ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਨਿਸ਼ਚੇ ਦਾ ਨਤੀਜਾ ਹੁੰਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਟੀਚੇ ਸਪੱਸ਼ਟ ਰੱਖਣ ਅਤੇ ਅਸਫਲਤਾਵਾਂ ਤੋਂ ਸਿੱਖ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਮੈਡਮ ਟਾਂਗਰਾ ਨੇ ਕਰੀਅਰ, ਲੀਡਰਸ਼ਿਪ ਅਤੇ ਨਿੱਜੀ ਵਿਕਾਸ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ।
ਇਸ ਮੌਕੇ ਆਰੀਆਭੱਟਾ ਗਰੁੱਪ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਮੈਡਮ ਮਨਦੀਪ ਕੌਰ ਟਾਂਗਰਾ ਦਾ ਸਨਮਾਨ ਕੀਤਾ। ਕਾਲਜ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਦੇ ਹਨ। ਡੀਨ ਅਕੈਡਮਿਕਸ ਡਾ. ਭਵੇਤ ਨੇ ਕਿਹਾ ਕਿ ਮੈਡਮ ਟਾਂਗਰਾ ਦੇ ਵਿਚਾਰਾਂ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ ਹੈ।
ਇੰਡਸਟਰੀਅਲ ਚੈਂਬਰ ਬਰਨਾਲਾ ਦੇ ਪ੍ਰਧਾਨ ਵਿਕਾਸ ਗੋਇਲ, ਸਕੱਤਰ ਹਰੀਸ਼ ਬਾਂਸਲ ਅਤੇ ਕੈਸ਼ੀਅਰ ਦਿਨੇਸ਼ ਗੋਇਲ ਨੇ ਕਿਹਾ ਕਿ ਇਹ ਸੈਮੀਨਾਰ ਨੌਜਵਾਨਾਂ ਅਤੇ ਉਦਯੋਗ ਜਗਤ ਲਈ ਬਹੁਤ ਲਾਭਦਾਇਕ ਸਾਬਤ ਹੋਇਆ ਹੈ।
ਸਮਾਗਮ ਦੇ ਓਵਰਆਲ ਕੋਆਰਡੀਨੇਟਰ ਡਾ. ਰਜਨੀਸ਼ ਨਰੂਲਾ ਅਤੇ ਸ਼੍ਰੀ ਚਤਿੰਦਰ ਸਿੰਘ ਰਹੇ, ਜਦਕਿ ਮਿਸ ਭਾਵੁਕਤਾ ਸ਼ਰਮਾ ਨੇ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਕੀ ਵਿਵਸਥਾਵਾਂ ਨੂੰ ਸਫਲਤਾਪੂਰਵਕ ਸੰਭਾਲਿਆ। ਅੰਤ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਨੇ ਸਮੂਹ ਆਯੋਜਕ ਟੀਮ, ਸਟਾਫ਼ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।


