

ਇੰਡਸਟਰੀਅਲ ਚੈਂਬਰ ਬਰਨਾਲਾ ਦੇ ਸਹਿਯੋਗ ਨਾਲ ਆਰਿਆਭੱਟ ਗਰੁੱਪ ਵਿੱਚ 6 ਜੂਨ ਨੂੰ ਹੋਵੇਗਾ ਮਨਦੀਪ ਕੌਰ ਟਾਂਗਰਾ ਦਾ ਪ੍ਰੇਰਣਾਦਾਇਕ ਸੈਮੀਨਾਰ
ਰਜਿਸਟ੍ਰੇਸ਼ਨ ਲਈ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ
ਬਰਨਾਲਾ, (ਹਿਮਾਂਸ਼ੂ ਗੋਇਲ): ਆਰਿਆਭੱਟ ਗਰੁੱਪ ਆਫ਼ ਇੰਸਟੀਚਿਊਟਸ, ਬਰਨਾਲਾ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਸ਼ਖਸੀਅਤ ਨਿਰਮਾਣ ਅਤੇ ਭਵਿੱਖ ਲਈ ਸਹੀ ਮਾਰਗਦਰਸ਼ਨ ਦੇ ਉਦੇਸ਼ ਨਾਲ 6 ਜੂਨ 2026 ਨੂੰ ਕਾਲਜ ਕੈਂਪਸ ਵਿੱਚ ਇੱਕ ਵਿਸ਼ੇਸ਼ ਪ੍ਰੇਰਣਾਦਾਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਵਿਸ਼ਵ ਪ੍ਰਸਿੱਧ ਥਾਟ ਲੀਡਰ, ਪ੍ਰੇਰਕ ਵਕਤਾ, ਉਦਯੋਗਪਤੀ ਅਤੇ ਸਮਾਜਿਕ ਬਦਲਾਅ ਦੀ ਪ੍ਰੇਰਕ ਸ਼ਖਸੀਅਤ ਮਨਦੀਪ ਕੌਰ ਟਾਂਗਰਾ ਮੁੱਖ ਵਕਤਾ ਵਜੋਂ ਸ਼ਿਰਕਤ ਕਰਨਗੇ।
ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਜੀਵਨ ਵਿੱਚ ਵੱਡੇ ਟੀਚੇ ਨਿਰਧਾਰਿਤ ਕਰਨ, ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਅਤੇ ਸਫਲਤਾ ਦੇ ਰਾਹ ‘ਤੇ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ। ਇਸ ਦੌਰਾਨ ਮੰਦੀਪ ਕੌਰ ਟਾਂਗਰਾ ਆਪਣੇ ਜੀਵਨ ਦੇ ਤਜ਼ਰਬੇ, ਸੰਘਰਸ਼ ਅਤੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨਗੇ।
ਆਰਿਆਭੱਟ ਗਰੁੱਪ ਅਨੁਸਾਰ ਇਸ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਨੂੰ ਲੈ ਕੇ ਵਿਦਿਆਰਥੀਆਂ, ਨੌਜਵਾਨਾਂ, ਵਪਾਰੀਆਂ, ਉਦਯੋਗਪਤੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਪ੍ਰੇਰਣਾਦਾਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪਣੀ ਦਿਲਚਸਪੀ ਦਰਜ ਕਰਵਾਈ ਹੈ।
ਸੰਸਥਾ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ਵਿੱਚ ਸਿਰਫ਼ ਕਿਤਾਬੀ ਗਿਆਨ ਹੀ ਕਾਫ਼ੀ ਨਹੀਂ, ਸਗੋਂ ਸ਼ਖਸੀਅਤ ਵਿਕਾਸ, ਸੰਚਾਰ ਕੌਸ਼ਲ, ਲੀਡਰਸ਼ਿਪ, ਸਮਾਂ ਪ੍ਰਬੰਧਨ ਅਤੇ ਸਕਾਰਾਤਮਕ ਸੋਚ ਵਰਗੀਆਂ ਯੋਗਤਾਵਾਂ ਵੀ ਬਰਾਬਰ ਮਹੱਤਵ ਰੱਖਦੀਆਂ ਹਨ। ਇਸੇ ਮਕਸਦ ਨਾਲ ਇਹ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਮਨਦੀਪ ਕੌਰ ਟਾਂਗਰਾ ਇੱਕ ਵਿਸ਼ਵ ਪੱਧਰੀ ਥਾਟ ਲੀਡਰ, ਤਿੰਨ ਵਾਰ TEDx ਸਪੀਕਰ, ਉਦਯੋਗਪਤੀ ਅਤੇ ਸਮਾਜਿਕ ਕਾਰਕੁਨ ਹਨ। ਉਹ ਓਰਜਾਹ (Oorjaah) ਦੀ ਸੀਈਓ ਵਜੋਂ ਕੰਮ ਕਰ ਰਹੇ ਹਨ ਅਤੇ ਲੀਡਰਸ਼ਿਪ, ਉਦਯੋਗਤਾ, ਨੌਜਵਾਨ ਸਸ਼ਕਤੀਕਰਨ ਅਤੇ ਸਮਾਜਿਕ ਬਦਲਾਅ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੂੰ ਨਰਿੰਦਰ ਮੋਦੀ, ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਰਾਜਪਾਲ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੰਜਾਬ ਦੇ ਇੱਕ ਛੋਟੇ ਪਿੰਡ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੀ ਮੰਦੀਪ ਕੌਰ ਟਾਂਗਰਾ ਨੇ ਸੰਘਰਸ਼ ਅਤੇ ਦ੍ਰਿੜ ਇਰਾਦੇ ਦੇ ਬਲ ‘ਤੇ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਉਹ ਭਾਰਤ, ਅਮਰੀਕਾ ਅਤੇ ਦੁਬਈ ਸਮੇਤ 600 ਤੋਂ ਵੱਧ ਮੰਚਾਂ ‘ਤੇ ਆਪਣੇ ਵਿਚਾਰ ਪੇਸ਼ ਕਰ ਚੁੱਕੇ ਹਨ ਅਤੇ ਡਿਜ਼ੀਟਲ ਮਾਧਿਅਮਾਂ ਰਾਹੀਂ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।
ਸੈਮੀਨਾਰ ਦੌਰਾਨ ਉਹ ਵਿਦਿਆਰਥੀਆਂ ਨਾਲ ਆਤਮ-ਵਿਸ਼ਵਾਸ, ਟੀਚਾ ਨਿਰਧਾਰਨ, ਸਮਾਂ ਪ੍ਰਬੰਧਨ, ਅਸਫਲਤਾਵਾਂ ਤੋਂ ਸਿੱਖਣ ਅਤੇ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਵਿਚਾਰ ਸਾਂਝੇ ਕਰਨਗੇ। ਇਸ ਦੇ ਨਾਲ ਹੀ ਕਰੀਅਰ ਚੋਣ ਸਬੰਧੀ ਵਿਸ਼ੇਸ਼ ਸੈਸ਼ਨ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਨੌਜਵਾਨਾਂ ਨੂੰ ਉਨ੍ਹਾਂ ਦੀ ਰੁਚੀ ਅਤੇ ਯੋਗਤਾ ਅਨੁਸਾਰ ਸਹੀ ਕਰੀਅਰ ਦੀ ਚੋਣ ਲਈ ਮਾਰਗਦਰਸ਼ਨ ਦਿੱਤਾ ਜਾਵੇਗਾ।
ਆਰਿਆਭੱਟ ਗਰੁੱਪ ਆਫ਼ ਇੰਸਟੀਚਿਊਟਸ ਨੇ 10+2 ਪਾਸ ਵਿਦਿਆਰਥੀਆਂ, ਵਪਾਰੀਆਂ, ਉਦਯੋਗਪਤੀਆਂ, ਸਮਾਜ ਸੇਵੀਆਂ ਅਤੇ ਨੌਜਵਾਨਾਂ ਨੂੰ ਇਸ ਵਿਸ਼ੇਸ਼ ਸੈਮੀਨਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਆਰ.ਕੇ. ਗੁਪਤਾ, ਰਾਜੀਵ ਮੰਗਲਾ,ਵਿੱਕੀ ਸਿੰਗਲਾ,ਇੰਦਰਪਾਲ ਗੋਇਲ,ਹਰਭਜਨ ਸਿੰਘ,ਮੋਹਿਤ ਮੰਗਲਾ ਅਤੇ ਅਸ਼ਵਨੀ ਸਿੰਗਲਾ ਨੇ ਕਿਹਾ ਕਿ ਸੰਸਥਾ ਦਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਨੂੰ ਜ਼ਿੰਮੇਵਾਰ, ਆਤਮ-ਵਿਸ਼ਵਾਸੀ ਅਤੇ ਯੋਗ ਨਾਗਰਿਕ ਵਜੋਂ ਤਿਆਰ ਕਰਨਾ ਹੈ।
ਕਾਲਜ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਕਿਹਾ ਕਿ ਇਹ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ, ਜਦਕਿ ਡੀਨ ਅਕਾਦਮਿਕਸ ਡਾ. ਭਵੇਤ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਦੀ ਸੋਚ ਦਾ ਦਾਇਰਾ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦੇ ਹਨ।
ਇੰਡਸਟਰੀਅਲ ਚੈਂਬਰ ਬਰਨਾਲਾ ਦੇ ਪ੍ਰਧਾਨ ਵਿਕਾਸ ਗੋਇਲ, ਸਕੱਤਰ ਹਰੀਸ਼ ਬਾਂਸਲ ਅਤੇ ਖਜ਼ਾਨਚੀ ਦਿਨੇਸ਼ ਗੋਇਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ, ਉਦਯੋਗਪਤੀਆਂ ਅਤੇ ਸਮਾਜ ਦੇ ਹਰ ਵਰਗ ਲਈ ਪ੍ਰੇਰਣਾ, ਲੀਡਰਸ਼ਿਪ ਅਤੇ ਸਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਮੰਦੀਪ ਕੌਰ ਟਾਂਗਰਾ ਦਾ ਇਹ ਵਿਸ਼ੇਸ਼ ਪ੍ਰੇਰਣਾਦਾਇਕ ਅਤੇ ਸਮਾਜਿਕ ਜਾਗਰੂਕਤਾ ਸੈਮੀਨਾਰ ਭਾਗੀਦਾਰਾਂ ਨੂੰ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਨਵੀਆਂ ਉੱਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ।


