

ਸਿਵਲ ਹਸਪਤਾਲ ਧਨੌਲਾ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਆਪਰੇਸ਼ਨ ਕੈਂਪ ਆਯੋਜਿਤ
300 ਮਰੀਜ਼ਾਂ ਦਾ ਚੈਕਅੱਪ, 50 ਮਰੀਜ਼ ਚਿੱਟੇ ਮੋਤੀਏ ਦੇ ਆਪਰੇਸ਼ਨ ਲਈ ਚੁਣੇ ਗਏ
ਧਨੌਲਾ, 9 ਮਈ(ਹਿਮਾਂਸ਼ੂ ਗੋਇਲ) — ਪ੍ਰੇਮ ਅੱਖਾਂ ਦਾ ਅਤੇ ਜਨਾਨਾਂ ਰੋਗਾਂ ਦਾ ਹਸਪਤਾਲ ਵੱਲੋਂ ਸਿਵਲ ਹਸਪਤਾਲ ਧਨੌਲਾ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਲਾਭ ਪ੍ਰਾਪਤ ਕੀਤਾ।
ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਡਾ. ਰੂਪੇਸ਼ ਸਿੰਗ਼ਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਅੱਖਾਂ ਦੀਆਂ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਵੰਡੀਆਂ ਗਈਆਂ।

ਡਾਕਟਰਾਂ ਦੀ ਟੀਮ ਵੱਲੋਂ ਲਗਭਗ 300 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 50 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਆਪਰੇਸ਼ਨ ਲਈ ਚੁਣਿਆ ਗਿਆ। ਕੈਂਪ ਦੌਰਾਨ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਅਤੇ ਸਮੇਂ-ਸਿਰ ਇਲਾਜ ਸੰਬੰਧੀ ਜਾਗਰੂਕ ਵੀ ਕੀਤਾ ਗਿਆ।
ਇਸ ਮੌਕੇ ਸੇਵਾ ਸਦਨ ਕਲੱਬ ਧਨੌਲਾ ਦੇ ਪ੍ਰਧਾਨ ਮਹਿੰਦਰ ਸਿੰਘ, ਅਜੇ ਕੁਮਾਰ, ਸਾਬਕਾ ਪ੍ਰਧਾਨ ਜੈਪਾਲ ਗਰਗ, ਅੰਗਰੇਜ਼ ਕੁਮਾਰ, ਮੁਕੇਸ਼ ਕੁਮਾਰ, ਦੇਵਰਾਜ ਜੀ, ਰਜਿੰਦਰ ਪਾਲ ਗੋਰਾ, ਜਗਤਾਰ ਸਿੰਘ ਰਾਜੂ, ਜਗਰਾਜ ਸਿੰਘ, ਮਹਿੰਦਰ ਸਿੰਘ ਮਿੰਦੀ, ਸੁਰਿੰਦਰ ਕੁਮਾਰ ਫੌਜੀ, ਬ੍ਰਿਜ ਲਾਲ ਗੋਇਲ, ਅਜੀਤ ਪਾਲ,ਰਕੇਸ਼ ਮਿੱਤਲ ਸੇਵਾ ਪ੍ਰਮੁੱਖ, ਵਿਨੋਦ ਕੁਮਾਰ, ਅਤੇ ਕਮਲਦੀਪ ਸ਼ੈਲੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਕੈਂਪ ਦੇ ਸਫਲ ਆਯੋਜਨ ਵਿੱਚ ਵਿਜੇ ਲੈਬੋਰਟਰੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਉਹਨਾਂ ਦੇ ਪ੍ਰਬੰਧਕ ਡਾ. ਵਿਜੈ ਕੁਮਾਰ ਨੇ ਇਸ ਕੰਮ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਇਸ ਨਾਲ ਕਾਫ਼ੀ ਲੋਕਾਂ ਨੂੰ ਲਾਭ ਮਿਲਦਾ ਹੈ ਅਤੇ ਇਹ ਲੋੜਵੰਦਾਂ ਦੀ ਮਦਦ ਕਰਨ ਲਈ ਕਾਫ਼ੀ ਜ਼ਰੂਰੀ ਹਨ।
ਪ੍ਰੇਮ ਅੱਖਾਂ ਅਤੇ ਜਨਾਨਾਂ ਰੋਗਾਂ ਦਾ ਹਸਪਤਾਲ ਬਰਨਾਲਾ ਦੇ ਪ੍ਰਬੰਧਕ ਡਾਕਟਰ ਰੂਪੇਸ਼ ਸਿੰਗਲਾ ਨੇ ਕਿਹਾ ਕਿ ਸਮਾਜ ਸੇਵਾ ਦੇ ਉਦੇਸ਼ ਨਾਲ ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਕੈਂਪ ਲਗਾਤਾਰ ਲਗਾਏ ਜਾਂਦੇ ਰਹਿਣਗੇ ਤਾਂ ਜੋ ਲੋੜਵੰਦ ਅਤੇ ਗਰੀਬ ਮਰੀਜ਼ ਸਮੇਂ ਸਿਰ ਆਪਣਾ ਇਲਾਜ ਕਰਵਾ ਸਕਣ। ਉਨ੍ਹਾਂ ਕਿਹਾ ਕਿ ਅੱਖਾਂ ਦੀਆਂ ਬਿਮਾਰੀਆਂ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ ਅਤੇ ਸਮੇਂ-ਸਮੇਂ ‘ਤੇ ਅੱਖਾਂ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।


