

ਸ਼ੇਖ ਅਬਦੁਲ ਕਾਦਰ ਸ਼ਾਹੇ ਜਲਾਨੀ ਮਹਿਬੂਬੇ ਸੁਭਾਨੀ ਗਿਆਰਵੀਂ ਵਾਲੀ ਸਰਕਾਰ ਦਾ 13ਵਾਂ ਸਲਾਨਾ ਉਰਸ ਸਮਾਗਮ ਕਰਵਾਇਆ ਗਿਆ
ਐਮ.ਐਲ.ਏ. ਕਾਲਾ ਢਿੱਲੋਂ ਨੇ ਵਿਸ਼ੇਸ਼ ਤੌਰ ਤੇ ਭਰੀ ਹਾਜ਼ਰ
ਧਨੌਲਾ (ਹਿਮਾਂਸ਼ੂ ਗੋਇਲ)
ਸ਼ੇਖ ਅਬਦੁਲ ਕਾਦਰ ਸ਼ਾਹ ਜਲਾਨੀ ਮਹਿਬੂਬੇ ਸੁਭਾਨੀ ਗਿਆਰਵੀਂ ਵਾਲੀ ਸਰਕਾਰ ਦੀ ਯਾਦ ਵਿੱਚ 13ਵਾਂ ਸਲਾਨਾ ਸਮਾਗਮ ਸ਼ਰਧਾ ਅਤੇ ਅਕੀਦਤ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਬਾਬਾ ਜੀ ਦੇ ਦਰ ’ਤੇ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ।
ਗੁਰਮੇਲ ਸ਼ਾਹ ਕਾਦਰੀ, ਮੰਗਾ ਕਾਦਰੀ, ਮਹੁਮੰਦ ਅਲੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਮਾਗਮ 12 ਅਪ੍ਰੈਲ 2026, ਦਿਨ ਐਤਵਾਰ ਨੂੰ ਕਰਵਾਇਆ ਗਿਆ। ਇਸ ਦੌਰਾਨ ਖ਼ਾਸ ਸ਼ਰੀਫ਼ ਦੀ ਦੁਆ, ਕਵਾਲੀ ਮਹਿਫ਼ਿਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਧਾਰਮਿਕ ਰੰਗ ਵਿੱਚ ਰੰਗੇ ਪ੍ਰੋਗਰਾਮਾਂ ਨੇ ਸੰਗਤਾਂ ਨੂੰ ਰੂਹਾਨੀ ਅਨੁਭਵ ਕਰਵਾਇਆ।
ਇਸ ਪ੍ਰੋਗਰਾਮ ਦੌਰਾਨ ਸ਼ਰੀਫ਼ ਦੀ ਦੁਆ ਹੋਈ, ਅਤੇ ਰਾਤ ਨੂੰ ਕਵਾਲੀ ਮਹਿਫ਼ਿਲ ਸਜਾਈ ਗਈ, ਜਿਸ ਵਿੱਚ ਕਵਾਲਾਂ ਨੇ ਸੁਫ਼ੀਆਨਾ ਕਲਾਮ ਪੇਸ਼ ਕਰਕੇ ਹਾਜ਼ਰੀਨਾਂ ਨੂੰ ਝੂਮਣ ’ਤੇ ਮਜਬੂਰ ਕਰ ਦਿੱਤਾ।
ਇਸ ਮੌਕੇ ਐਮ.ਐਲ.ਏ. ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਸੁਰਿੰਦਰ ਕੁਮਾਰ ਬਾਲਾ (ਬਲਾਕ ਪ੍ਰਧਾਨ) ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਕੇ ਸਮਾਗਮ ਦੀ ਸ਼ੋਭਾ ਵਧਾਈ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਬਾਬਾ ਜੀ ਦੀ ਯਾਦ ਵਿੱਚ ਹਰ ਸਾਲ ਇਹ ਸਮਾਗਮ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਦੂਰ-ਦੂਰ ਤੋਂ ਸੰਗਤਾਂ ਪਹੁੰਚਦੀਆਂ ਹਨ।
ਸਮਾਗਮ ਦੀ ਪ੍ਰਬੰਧਕੀ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਭ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ।


