

ਅਕਾਲ ਸੀਡ ਫਾਰਮ ਵੱਲੋਂ ਝੋਨੇ ਤੇ ਬਾਸਮਤੀ ਦੇ ਪ੍ਰਮਾਣਿਤ ਬੀਜਾਂ ਦੀ ਵਿਕਰੀ ਸ਼ੁਰੂ
ਸੰਗਰੂਰ, 11 ਅਪ੍ਰੈਲ(ਹਿਮਾਂਸ਼ੂ ਗੋਇਲ)
ਅਕਾਲ ਸੀਡ ਫਾਰਮ, ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਕਿਸਾਨਾਂ ਲਈ ਝੋਨੇ ਅਤੇ ਬਾਸਮਤੀ ਦੇ ਸੁਧਰੇ ਅਤੇ ਪ੍ਰਮਾਣਿਤ ਬੀਜਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ 34 ਸਾਲਾਂ ਤੋਂ ਇਹ ਸੰਸਥਾ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਵਾਜਿਬ ਰੇਟਾਂ ’ਤੇ ਪ੍ਰਦਾਨ ਕਰਦੀ ਆ ਰਹੀ ਹੈ।
ਇਹ ਸੰਸਥਾ ਸੰਤ ਬਾਬਾ ਅਤਰ ਸਿੰਘ ਜੀ ਦੀ ਵਿਰਾਸਤ ਅਨੁਸਾਰ ਚੱਲ ਰਹੇ ਟਰੱਸਟ ਅਕਾਲ ਕਾਲਜ ਕੌਂਸਲ ਦੇ ਅਧੀਨ ਕੰਮ ਕਰ ਰਹੀ ਹੈ। ਸੰਸਥਾ ਦੇ ਡਾਇਰੈਕਟਰ ਡਾ. ਬੂਟਾ ਸਿੰਘ ਰੋਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਝੋਨੇ ਦੀਆਂ ਪਰਮਲ ਕਿਸਮਾਂ ਵਿੱਚ PR-126, PR-114, PR-128, PR-131, PR-132, PR-118 ਅਤੇ PB-1 ਦੇ ਬੀਜ ਉਪਲਬਧ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬਾਸਮਤੀ ਕਿਸਮਾਂ ਵਿੱਚ ਪੂਸਾ-1509, ਪੂਸਾ-1692, ਪੂਸਾ-1847 ਅਤੇ ਪੂਸਾ-1121 ਦੇ ਪ੍ਰਮਾਣਿਤ ਬੀਜ ਵੀ ਵਾਜਿਬ ਕੀਮਤਾਂ ’ਤੇ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਬੀਜਾਂ ਦੀ ਖਰੀਦ ਲਈ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਅਕਾਲ ਸੀਡ ਫਾਰਮ ਵੱਲੋਂ ਮਹੀਨੇ ਦੇ ਸਾਰੇ ਦਿਨ ਬਿਨਾਂ ਕਿਸੇ ਛੁੱਟੀ ਦੇ ਬੀਜ ਉਪਲਬਧ ਕਰਵਾਏ ਜਾਣਗੇ।


