
ਅੱਗ ਦੀ ਲਪੇਟ ਵਿੱਚ ਆਏ ਹਲਵਾਈ ਨੇ ਤੋੜਿਆ ਦਮ
ਰਾਮ ਜਤਿਨ ਆਪਣੇ ਪਿੱਛੇ ਇੱਕ ਧੀ, ਤਿੰਨ ਪੁੱਤਰ ਅਤੇ ਪਤਨੀ ਨੂੰ ਛੱਡ ਗਿਆ
ਇਲਾਕੇ ਦੇ ਲੋਕਾਂ ਤੇ ਸਮਾਜ ਸੇਵੀਆਂ ਵਲੋਂ ਧਨੌਲਾ ਅੱਗ ਕਾਂਡ ਵਿੱਚ ਮਾਰੇ ਗਏ ਹਲਵਾਈ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ
ਬਰਨਾਲਾ, 7 ਅਗਸਤ (ਹਿਮਾਂਸ਼ੂ ਗੋਇਲ)
ਮੰਗਲਵਾਰ ਨੂੰ ਹਨੁਮਾਨ ਮੰਦਰ ਵਿੱਚ ਹੋਈ ਦਰਦਨਾਕ ਘਟਨਾ ਵਿੱਚ ਜ਼ਖ਼ਮੀ ਹੋਏ ਲੋਕਾਂ ਵਿੱਚੋਂ ਇੱਕ ਹਲਵਾਈ ਰਾਮ ਜਤਿਨ (ਉਮਰ ਕਰੀਬ 50 ਸਾਲ), ਨਿਵਾਸੀ ਬਰਨਾਲਾ ਦੀ ਮੌਤ ਹੋ ਗਈ। ਉਨ੍ਹਾਂ ਦੇ ਵੱਡੇ ਭਰਾ ਰਾਮਚੰਦਰ (ਉਮਰ 55 ਸਾਲ) ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਫਰੀਦਕੋਟ ਹਸਪਤਾਲ ਵਿੱਚ ਜ਼ਖ਼ਮੀ ਵਿਅਕਤੀਆਂ ਦੀ ਦੇਖਭਾਲ ਕਰ ਰਹੇ ਵਿਸ਼ਾਲ ਬਾਂਸਲ ਨੇ ਦੱਸਿਆ ਕਿ ਰਾਮ ਜਤਿਨ ਆਪਣੇ ਪਿੱਛੇ ਇੱਕ ਧੀ, ਤਿੰਨ ਪੁੱਤਰ ਅਤੇ ਪਤਨੀ ਨੂੰ ਛੱਡ ਗਿਆ। ਉਹ ਪਿਛਲੇ 40 ਸਾਲਾਂ ਤੋਂ ਬਰਨਾਲਾ ਵਿੱਚ ਰਹਿ ਰਿਹਾ ਸੀ, ਜਦਕਿ ਉਸਦਾ ਮੂਲ ਪਿੰਡ ਨੈਨੀਤਾਲ ਵਿੱਚ ਹੈ।
ਸਮਾਜ ਸੇਵੀ ਮੰਟੂ ਠੇਕੇਦਾਰ ਨੇ ਦੱਸਿਆ ਕਿ ਰਾਮ ਜਤਿਨ “ਉਪਕਾਰ ਸੋਸਾਇਟੀ” ਦਾ ਮੈਂਬਰ ਸੀ ਅਤੇ ਉਹ ਗਰੀਬ ਬੇਟੀਆਂ ਦੀਆਂ ਸ਼ਾਦੀਆਂ ਵਿੱਚ ਮੁਫ਼ਤ ਹਲਵਾਈ ਸੇਵਾ ਦੇ ਕੇ ਸਮਾਜ ਸੇਵਾ ਕਰਦਾ ਸੀ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਫਰੀਦਕੋਟ ਹਸਪਤਾਲ ਵਿੱਚ ਭਰਤੀ ਤਿੰਨ ਹੋਰ ਲੋਕਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇਲਾਕੇ ਦੇ ਲੋਕਾਂ, ਸਮਾਜਸੇਵੀਆਂ ਨੇ ਧਨੌਲਾ ਅੱਗ ਕਾਂਡ ਵਿੱਚ ਮਾਰੇ ਗਏ ਇਸ ਸਮਾਜ ਸੇਵੀ ਹਲਵਾਈ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ।