
ਸਪੈਸ਼ਲ ਦੌਰਾਨ ਗਲੀ ਸੜੀ ਕਣਕ ਟਰੱਕਾਂ ‘ਚ ਕੀਤੀ ਲੋਡ
ਖੁਰਾਕ ਮੰਤਰੀ ਕਟਾਰੂ ਚੱਕ ਦੇ ਧਿਆਨ ‘ਚ ਲਿਆਂਦਾ ਪੂਰਾ ਮਾਮਲਾ
ਅਮਰਗੜ੍ਹ,3 ਅਗਸਤ (ਵਤਨ ਬਾਠ)- ਤਾਜ਼ਾ ਮਾਮਲਾ ਅਮਰਗੜ੍ਹ ਨੇੜਲੇ ਪਿੰਡ ਮਾਹੋਰਾਣਾ ਵਿਖੇ ਭੁੱਲਰਾਂ ਸੜਕ ‘ਤੇ ਸਥਿਤ ਇੱਕ ਪ੍ਰਾਈਵੇਟ ਸੈਲਰ ‘ਚ ਲਗਾਈ ਗਈ ਫੂਡ ਸਪਲਾਈ ਮਹਿਕਮੇ ਦੀ ਖਰੀਦ ਏਜੰਸੀ ਪਨਗਰੇਨ ਵੱਲੋਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇਨਸਾਨਾਂ ਦੇ ਖਾਣ ਵਾਲੀ ਕਣਕ ਦੇ ਗਲ ਸੜਨ ਤੇ ਉੱਲੀ ਲੱਗਣ ਦਾ ਹੈ, ਜਿਸ ਨੂੰ ਸਪੈਸ਼ਲ ਰਾਹੀ ਟਰੱਕਾਂ ਵਿੱਚ ਭਰ ਕੇ ਵੱਖ-ਵੱਖ ਸੂਬਿਆਂ ਵਿਚ ਭੇਜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ, ਕਿ ਇਸ ਤੋਂ ਪਹਿਲਾਂ ਵੀ ਦੋ ਸਪੈਸ਼ਲਾਂ ਇਸੇ ਗਲੀ-ਸੜੀ,ਉੱਲੀ ਲੱਗੀ ਕਣਕ ਦੀਆਂ ਭਰ ਕੇ ਇਥੋਂ ਭੇਜੀਆਂ ਜਾ ਚੁੱਕੀਆਂ ਹਨ। ਜਿਸ ਸਬੰਧੀ ਮੀਡੀਆ ‘ਚ ਖਬਰਾਂ ਨਸ਼ਰ ਹੋਣ ਦੇ ਬਾਵਜੂਦ ਵੀ ਮਹਿਕਮੇਂ ਤੇ ਸਬੰਧਤ ਅਧਿਕਾਰੀਆਂ ਖਿਲਾਫ ਅੱਜ ਤੱਕ ਕੋਈ ਵਿਭਾਗੀ ਕਾਰਵਾਈ ਨਹੀਂ ਹੋਈ। ਅੱਜ ਜਦੋਂ ਐਤਵਾਰ ਵਾਲੇ ਦਿਨ ਸਰਕਾਰੀ ਛੁੱਟੀ ਦਾ ਲਾਹਾ ਲੈਂਦੇ ਹੋਏ ਮਹਿਕਮੇਂ ਦੇ ਅਧਿਕਾਰੀਆਂ ਵੱਲੋਂ ਚੁੱਪ ਚਪੀਤੇ ਹੀ ਇਸ ਗਲੀ ਸੜੀ ਤੇ ਭਿੱਜੜ ਕਣਕ ਨੂੰ ਟਰੱਕਾਂ ਵਿੱਚ ਲੋਡ ਕਰਕੇ ਭੇਜਿਆ ਜਾ ਰਿਹਾ ਸੀ ਤਾਂ ਮੌਕੇ ‘ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਵੱਲੋਂ ਦੇਖਿਆ ਗਿਆ ਕਿ ਉੱਲੀ ਲੱਗ ਕੇ ਬੁਰੀ ਤਰ੍ਹਾਂ ਗਲੀ ਸੜੀ ਕਣਕ ਇਨਸਾਨਾਂ ਦੇ ਤਾਂ ਕੀ ਪਸ਼ੂਆਂ ਦੇ ਵੀ ਖਾਣ ਲਾਇਕ ਨਹੀਂ ਸੀ। ਮੌਕੇ ‘ਤੇ ਹਾਜ਼ਰ ਕੁਝ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਮਹਿਕਮੇ ਦੇ ਇੰਸਪੈਕਟਰ ਜਾਣ-ਬੁਝ ਕੇ ਕਣਕ ਨੂੰ ਵਰਦੇ ਮੀਂਹ ਵਿੱਚ ਖੁੱਲਾ ਛੱਡ ਦਿੰਦੇ ਹਨ,ਜਿਨਾਂ ਦਾ ਮਕਸਦ ਕਣਕ ਦਾ ਵਜਨ ਵਧਾ ਕੇ ਵੱਡਾ ਘਪਲਾ ਕਰਨਾ ਹੁੰਦਾ ਹੈ।
ਕੀ ਕਹਿਣਾ ਹੈ ਪਨਗਰੇਨ ਦੇ ਇੰਸਪੈਕਟਰ ਦਾ ; ਜਦੋਂ ਕਰੀਬ ਇੱਕ ਘੰਟਾ ਬਾਅਦ ਸ਼ੈਲਰ ‘ਚ ਪਹੁੰਚੇ ਇੰਸਪੈਕਟਰ ਰਸ਼ਪਿੰਦਰ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਕੀ ਕਹਿਣਾ ਹੈ ਸਟੇਟ ਫੂਡ ਕਮਿਸ਼ਨ ਦਾ : ਜਦੋਂ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ ਨੂੰ ਇਸ ਮਾਮਲੇ ਸਬੰਧੀ ਫੋਨ ‘ਤੇ ਜਾਣੂ ਕਰਵਾਇਆ ਤਾਂ ਉਨ੍ਹਾਂ ਆਖਿਆ ਕਿ ਤੁਸੀਂ ਮੈਨੂੰ ਵੀਡੀਓ ਭੇਜ ਦੇਵੋ। ਸਰਕਾਰ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰੇਗੀ।
ਕੀ ਕਹਿਣਾ ਹੈ ਸਹਾਇਕ ਕਮਿਸ਼ਨਰ ਦਾ ; ਇਸ ਮਾਮਲੇ ਸਬੰਧੀ ਜਦੋਂ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਜ਼ਿਲਾ ਫੂਡ ਅਧਿਕਾਰੀ ਨਾਲ ਗੱਲ ਕਰਦਾ ਹਾਂ, ਜੇਕਰ ਕੋਈ ਵੀ ਅਧਿਕਾਰੀ ਅਣ-ਗਹਿਲੀ ਕਰਦਾ ਪਾਇਆ ਗਿਆ,ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਕੀ ਕਹਿਣਾ ਹੈ ਖੁਰਾਕ ਸਪਲਾਈ ਮੰਤਰੀ ਦਾ ; ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਇਸ ਮਸਲੇ ਸਬੰਧੀ ਫੋਨ ‘ਤੇ ਗੱਲ ਕਰਨ ‘ਤੇ ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਅਗਰ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਗਿਆ,ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਗਰੀਬਾਂ ਦੇ ਖਾਣ ਵਾਲੀ ਕਣਕ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਪੰਜਾਬ ਸਰਕਾਰ ਵੱਲੋ ਕੋਈ ਕਾਰਵਾਈ ਕੀਤੀ ਜਾਵੇਗੀ,ਜਾਂ ਫਿਰ ਇਹ ਮਸਲਾ ਸਰਕਾਰੀ ਫਾਈਲਾਂ ਵਿੱਚ ਹੀ ਦਫ਼ਨ ਹੋ ਕੇ ਰਹਿ ਜਾਵੇਗਾ।