
ਹੈਪੇਟਾਈਟਸ ਸੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ
ਮਹਿਲ ਕਲਾਂ/ਬਰਨਾਲ਼ਾ/ਹਿਮਾਂਸ਼ੂ ਗੋਇਲ: ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ. ਸੀ. ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਇਥੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ।
ਇਸ ਸਬੰਧੀ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ ਵਿਸ਼ਵ ਵਿੱਚ ਲੱਖਾਂ ਲੋਕ ਹੈਪੇਟਾਈਟਸ (ਕਾਲਾ ਪੀਲੀਆ) ਬਿਮਾਰੀ ਨਾਲ ਆਪਣੀ ਜਾਨ ਗਵਾ ਬੈਠਦੇ ਹਨ ਜਦੋਂ ਕਿ ਇਸ ਬਿਮਾਰੀ ਦਾ ਸਹੀ ਸਮੇਂ ‘ਤੇ ਜਾਂਚ ਕਰਵਾ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਹੈਪੇਟਾਈਟਸ ਦਿਵਸ ਹਰ ਸਾਲ 28 ਜੁਲਾਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਸਕੇ।
ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸ਼ਿਵਾਨੀ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬਿਮਾਰੀ ਹੈ ਜੋ ਕਿ ਵਾਇਰਸ ਕਾਰਨ ਹੁੰਦੀ ਹੈ। ਓਨ੍ਹਾਂ ਦੱਸਿਆ ਕਿ ਹੈਪੇਟਾਈਟਸ 5 ਤਰ੍ਹਾਂ ਦਾ ਹੁੰਦਾ ਹੈ, ਜਿਸ ਵਿੱਚ ਹੈਪੇਟਾਈਟਸ ਏ, ਬੀ, ਸੀ, ਡੀ ਤੇ ਈ ਹਨ। ਹੈਪੇਟਾਈਟਸ ਦੀ ਏ ਅਤੇ ਈ ਕਿਸਮ ਦੁਸ਼ਿਤ ਪਾਣੀ ਤੇ ਗਲ੍ਹੇ-ਸੜ੍ਹੇ ਫ਼ਲ ਖਾਣ ਨਾਲ, ਮੱਖੀਆਂ ਦੁਆਰਾ ਦੁਸਿ਼ਤ ਕੀਤੇ ਭੋਜਨ ਖਾਣ ਅਤੇ ਬਿਨ੍ਹਾਂ ਹੱਥ ਧੋਤੇ ਭੋਜਨ ਖਾਣ ਨਾਲ ਹੁੰਦੀ ਹੈ। ਹੈਪੇਟਾਈਟਸ-ਬੀ ਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ, ਨਸ਼ੇ ਦੇ ਆਦਿ ਲੋਕਾਂ ਵੱਲੋਂ ਸਾਂਝੀਆਂ ਸੂਈਆਂ ਵਰਤਣ ਨਾਲ, ਟੈਟੂ ਬਨਵਾਉਣ ਨਾਲ, ਗ੍ਰਸਤ ਮਾਂ ਤੋਂ ਬੱਚੇ ਨੂੰ, ਗ੍ਰਸਤ ਵਿਅਕਤੀਆਂ ਨਾਲ ਸਰੀਰਕ ਸਬੰਧ ਬਨਾਉਣ ਨਾਲ ਹੋ ਸਕਦੀ ਹੈ।
ਓਨ੍ਹਾਂ ਹੈਪੇਟਾਈਟਸ ਦੇ ਲੱਛਣ ਬਾਰੇ ਦੱਸਿਆ ਕਿ ਬੁਖਾਰ, ਭੁੱਖ ਨਾ ਲੱਗਣਾ, ਜਿਗਰ ਦਾ ਕੈਂਸਰ, ਪਿਸ਼ਾਬ ਦਾ ਪੀਲਾ ਹੋਣਾ ਹੋ ਸਕਦੇ ਹਨ।
ਇਸ ਮੌਕੇ ਸੀ ਐਚ ਓ ਸੁਖਦੀਪ ਕੌਰ ਨੇ ਦੱਸਿਆ ਕਿ ਹੈਪੇਟਾਈਟਸ ਜਾਨਲੇਵਾ ਬਿਮਾਰੀ ਹੈ ਜੋ ਕਿ ਜਿਗਰ ਵਿੱਚ ਸੋਜ ਪੈਦਾ ਕਰਦੀ ਹੈ ਤੇ ਜਿਗਰ ਦੇ ਕੰਮ ਕਰਨ ਦੀ ਸ਼ਕਤੀ ਘਟਾਉਂਦੀ ਹੈ ਤੇ ਜੇ ਸਹੀ ਸਮੇਂ ‘ਤੇ ਇਸਦੀ ਜਾਂਚ ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਜਿਗਰ ਦਾ ਕੈਂਸਰ ਹੋ ਸਕਦਾ ਹੈ। ਇਸ ਬਿਮਾਰੀ ਤੋਂ ਬਚਾਅ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸੂਈਆਂ ਦਾ ਸਾਂਝਾ ਇਸਤਮਾਲ ਨਾ ਕਰੋ, ਮਨਜੂਰਸ਼ੁਦਾ ਬਲੱਡ ਬੈਂਕ ਤੋਂ ਖੂਨ ਲਗਵਾਉਣਾ, ਮੇਲਿਆਂ ਵਿੱਚ ਟੈਟੂ ਨਾ ਬਨਾਉਣ, ਸਾਫ ਪਾਣੀ ਦੀ ਵਰਤੋਂ, ਖਾਣ ਪੀਣ ਦੀਆਂ ਵਸਤਾਂ ਤਾਜ਼ੀਆਂ ਤੇ ਸਾਫ਼ ਹੋਣ ਆਦਿ ਤਰੀਕਿਆਂ ਨਾਲ ਹੈਪੇਟਾਈਟਸ ਦੀ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਓਨ੍ਹਾਂ ਦੱਸਿਆ ਕਿ ਹੈਪੇਟਾਈਟਸ ਸੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।