
ਪ੍ਰੋਜੈਕਟ ਆਵਾਜ਼ ਤਹਿਤ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਸਿਖਲਾਈ
ਬਰਨਾਲਾ,(ਹਿਮਾਂਸ਼ੂ ਗੋਇਲ):- ਐੱਸ.ਸੀ.ਆਰ.ਟੀ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ. ਸੁਨੀਤਇੰਦਰ ਸਿੰਘ ਅਤੇ ਡਿਪਟੀ ਡੀਈਓ ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ‘ਪ੍ਰੋਜੈਕਟ ਆਵਾਜ਼’ ਤਹਿਤ ਆਰਟ ਐਂਡ ਕਰਾਫਟ ਟੀਚਰਾਂ ਦੀ ਦੋ ਰੋਜ਼ਾ ਜ਼ਿਲਾ ਪੱਧਰੀ ਟ੍ਰੇਨਿੰਗ ਸਰਕਾਰੀ ਹਾਈ ਸਕੂਲ ਸੰਘੇੜਾ ਵਿੱਚ ਕਰਵਾਈ ਗਈ।
ਇਸ ਮੌਕੇ ਸ. ਦਿਲਪ੍ਰੀਤ ਸਿੰਘ ਨੇ ਬਤੌਰ ਆਰਟ ਮੈਂਟਰ ਜ਼ਿਲ੍ਹਾ ਬਰਨਾਲਾ ਦੇ ਸਮੂਹ ਆਰਟ ਐਂਡ ਕਰਾਫਟ ਟੀਚਰਾਂ ਨੂੰ ‘ਪ੍ਰੋਜੈਕਟ ਆਵਾਜ਼’ ਦੀਆਂ ਹਦਾਇਤਾਂ ਅਨੁਸਾਰ ਟ੍ਰੇਨਿੰਗ ਦਿੱਤੀ, ਜਿਸ ਵਿੱਚ ਕਲਾ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਟ੍ਰੇਨਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਕਲਪਨਾ ਸ਼ਕਤੀ ਨੂੰ ਉਜਾਗਰ ਕਰਨਾ ਅਤੇ ਭਾਵਨਾਤਮਕਤਾ ਨਾਲ ਜੋੜ ਕੇ ਬੱਚਿਆਂ ਅੰਦਰ ਛੁਪੀ ਹੋਈ ਸੰਵੇਦਨਾ ਅਤੇ ਰਚਨਾਤਮਕਤਾ ਨੂੰ ਬਾਹਰ ਕੱਢਣਾ ਹੈ ਜਿਸ ਵਿੱਚ ਵੱਖ-ਵੱਖ ਨਵੀਆਂ ਅਧਿਆਪਨ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਦੂਜੇ ਦਿਨ ‘ਕਲਾ ਸੱਥ ‘ ਪ੍ਰੋਗਰਾਮ ਵਿੱਚ ਦਿਲਪ੍ਰੀਤ ਸਿੰਘ ਦੁਆਰਾ ਬਣਾਈਆਂ ਪੇਂਟਿੰਗਾਂ ਦੀ ‘ਕਲਾ ਪ੍ਰਦਰਸ਼ਨੀ ‘ਵੀ ਲਗਾਈ ਗਈ। ਇਸ ਮੌਕੇ ਸਰਕਾਰੀ ਹਾਈ ਸਕੂਲ ਸੰਘੇੜਾ ਦੇ ਮੁੱਖ ਅਧਿਆਪਿਕਾ ਸ੍ਰੀਮਤੀ ਬਰਿੰਦਰ ਕੌਰ ਸਮੂਹ ਸਟਾਫ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਸੁਨੀਤਇੰਦਰ ਸਿੰਘ ਨੇ ਕਲਾ ਅਧਿਆਪਕਾਂ ਨਾਲ ਕਲਾ ਵਿਸ਼ੇ ਨਾਲ ਜੁੜੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਲਾ ਪ੍ਰਦਰਸ਼ਨੀ ਦੀ ਵੀ ਸ਼ਲਾਘਾ ਕੀਤੀ।