
ਪਿਛਲੇ ਦਿਨੀਂ ਸਥਾਨਕ ਕਾਲੋਨੀ ਦੇ ਵਾਸੀਆਂ ਦੁਆਰਾ ਪ੍ਰੈੱਸ ਕਾਨਫਰੰਸ ਕਰ ਕੀਤਾ ਗਿਆ ਸੀ ਨਾਮੀ ਹੋਟਲਾਂ ਖਿਲਾਫ ਪ੍ਰੈੱਸ ਕਾਨਫਰੰਸ ਕਰ ਕਿਹਾ ਸੀ ਕਿ ਰਿਹਾਇਸ਼ੀ ਕਲੋਨੀ ਦੇ ਨੇੜੇ ਹੋਟਲਾਂ ਵਾਲੇ ਕਥਿਤ ਕਰ ਰਹੇ ਹਨ ਜਿਸਮ-ਫਿਰੋਸ਼ੀ ਦਾ ਕਾਰੋਬਾਰ
ਬਰਨਾਲਾ/(ਹਿਮਾਂਸ਼ੂ ਗੋਇਲ)-ਬਰਨਾਲਾ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦੇ ਦਿਸ਼ਾ ਨਿਰਦੇਸ਼ ਉੱਪਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਦਾ ਗਠਨ ਕਰਕੇ ਡੀ.ਐਸ.ਪੀ. ਸਤਵੀਰ ਸਿੰਘ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਬਰਨਾਲਾ ਵਿਖੇ ਪੈਂਦੇ ਵੱਖ ਵੱਖ ਹੋਟਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸਤਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਰਨਾਲਾ ਸ਼ਹਿਰ ਵਿੱਚ ਵੱਖ ਵੱਖ ਹੋਟਲਾਂ ਵਿੱਚ ਵਰਤੀਆਂ ਜਾ ਰਹੀਆਂ ਬੇਨਿਯਮਿਆਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਸ ਲਈ ਅੱਜ ਦੁਪਹਿਰ ਸਮੇਂ ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਨਾਲ ਹੋਟਲਾਂ ਤੇ ਅਚਨਚੇਤ ਰੇਡ ਕੀਤੀ ਗਈ। ਚੈਕਿੰਗ ਦੌਰਾਨ ਸੀ.ਐਲ.ਯੂ., ਬਿਲਡਿੰਗ ਪਲੈਨ ਅਤੇ ਫਾਇਰ ਸੇਫਟੀ ਸਬੰਧੀ ਐਨ.ਓ.ਸੀ. ਆਦਿ ਦਸਤਾਵੇਜ ਚੈੱਕ ਕੀਤੇ ਗਏ।
ਉਹਨਾਂ ਅੱਗੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਹੋਟਲ ਵਿੱਚ ਸੱਤ ਅੱਠ ਪ੍ਰੇਮੀ ਜੋੜੇ ਵੀ ਕਮਰਿਆਂ ਵਿੱਚੋਂ ਫੜੇ ਗਏ ਪ੍ਰੰਤੂ ਪੁਲਿਸ ਵੱਲੋਂ “ਹੋਟਲ ਇਨ” ਕਰਨ ਸਮੇਂ ਦਿੱਤੇ ਦਸਤਾਵੇਜ ਅਤੇ ਉਹਨਾਂ ਦੇ ਅਸਲੀ ਦਸਤਾਵੇਜਾਂ ਨੂੰ ਚੈੱਕ ਕਰਕੇ ਛੱਡ ਦਿੱਤਾ ਗਿਆ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕੋਈ ਵੀ ਬਾਲਗ ਵਿਅਕਤੀ ਕਿਤੇ ਵੀ ਆਪਣੇ ਸਹੀ ਡਾਕੂਮੈਂਟਸ ਦਿਖਾ ਕੇ ਰਹਿ ਸਕਦਾ ਹੈ ਚਾਹੇ ਉਹ ਵਿਆਹਿਆ ਹੋਵੇ ਜਾਂ ਨਾ ਹੋਵੇ। ਇਸ ਚੈਕਿੰਗ ਦੌਰਾਨ ਕਈ ਹੋਟਲਾਂ ਨੂੰ ਦਸਤਾਵੇਜਾਂ ਦੀ ਕਮੀ ਕਾਰਨ ਤਾਲਾ ਲਗਾ ਦਿੱਤਾ ਗਿਆ ਅਤੇ ਕਈ ਹੋਟਲ ਮਾਲਕਾਂ ਨੂੰ ਦਸਤਾਵੇਜ ਪੂਰੇ ਕਰਨ ਦੀ ਚੇਤਾਵਨੀ ਦਿੱਤੀ ਗਈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਸਥਾਨਕ ਸ਼ਹਿਰ ਦੀ ਨਾਮੀ ਕਲੋਨੀ ਦੇ ਵਸਨੀਕਾਂ ਨੇ ਸੰਘਣੀ ਆਬਾਦੀ ਨੇੜੇ ਵਸਦੇ ਹੋਟਲਾਂ ਅੰਦਰ ਕਥਿਤ ਤੌਰ ਤੇ ਹੋ ਰਹੇ ਜਿਸਮਫਰੋਸ਼ੀ ਦੇ ਧੰਦੇ ਬਾਰੇ ਪ੍ਰੈਸ ਕਾਨਫਰੰਸ ਕਰਕੇ ਅਤੇ ਲਿਖਤੀ ਸ਼ਿਕਾਇਤ ਦਿੰਦਿਆ ਪ੍ਰਸ਼ਾਸਨ ਨੂੰ ਇਸ ਦੀ ਜਾਂਚ ਕਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।