ਜੇ.ਕੇ ਮੈਮੋਰੀਅਲ ਗਲੋਬਲ ਸਕੂਲ ਬਾਗੜੀਆਂ ਵਿਖੇ ਕੀਤਾ ਪ੍ਰੋਗਰਾਮ ਦਾ ਆਯੋਜਨ
ਅਮਰਗੜ੍ਹ/ਸੁਖਵਿੰਦਰ ਸਿੰਘ ਅਟਵਾਲ- ਆਤਮ ਪਰਗਾਸ ਸੋਸ਼ਲ ਵੈਲਫੇਅਰ ਕੌਂਸਲ ਵੱਲੋਂ ਸਮਾਜ ਚ ਖਤਮ ਹੋ ਰਹੀਆਂ ਮਨੁੱਖੀ ਕਦਰਾਂ ਕੀਮਤਾਂ ਨੂੰ ਸੁਰਜੀਤ ਕਰਨ ਦੇ ਮਕਸਦ ਨਾਲ ਬੱਚਿਆਂ ਨੂੰ ਇੱਕ ਸਚਿਆਰ ਮਨੁੱਖ ਬਣਾਉਣ ਲਈ ਚਲਾਏ ਗਏ ਮਿਸ਼ਨ ਅਧੀਨ ਜੇ.ਕੇ ਮੈਮੋਰੀਅਲ ਗਲੋਬਲ ਸਕੂਲ ਬਾਗੜੀਆਂ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਆਤਮ ਪਰਗਾਸ ਸੋਸ਼ਲ ਵੈਲਫੇਅਰ ਕੌਂਸਲ ਵੱਲੋਂ ਸਿੰਘ ਜਸ਼ਨਜੀਤ ਸਿੰਘ,ਜਸਵਿੰਦਰ ਸਿੰਘ, ਅਮਨਪ੍ਰੀਤ ਕੌਰ,ਆਕਾਸ਼ਦੀਪ ਸਿੰਘ ਤੇ ਸੁਖਚੈਨ ਸਿੰਘ ਦੀ ਪਹੁੰਚੀ ਪੰਜ ਮੈਂਬਰ ਟੀਮ ਵੱਲੋਂ ਜਿੱਥੇ ਸਟੇਜ ਤੋਂ ਸਕੂਲ ਦੇ ਅਧਿਆਪਕ ਤੇ ਹਾਜ਼ਰ ਹੋਰਨਾ ਸ਼ਖਸੀਅਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਅਜੋਕੀ ਸਿੱਖਿਆ ਪ੍ਰਣਾਲੀ ਦੀ ਪੁਰਾਤਨ ਸਿੱਖਿਆ ਪ੍ਰਣਾਲੀ ਨਾਲ ਤੁਲਨਾ ਕਰਦਿਆਂ ਸਾਰਿਆਂ ਨੂੰ ਪੁੰਗਰਦੀ ਪਨੀਰੀ (ਬੱਚਿਆਂ)ਨੂੰ ਇੱਕ ਸਚਿਆਰਾ ਮਨੁੱਖ ਬਣਾਉਣ ਵਿੱਚ ਆਪੋ-ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਬੁਲਾਰਿਆਂ ਨੇ ਕਿਹਾ ਕਿ ਇੱਕ ਸਚਿਆਰ ਮਨੁੱਖ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਉਨ੍ਹਾਂ ਸਕੂਲ ਦੇ ਚੇਅਰਮੈਨ ਸ੍ਰ ਬਲਵੀਰ ਸਿੰਘ ਸੋਹੀ,ਪ੍ਰਿੰਸੀਪਲ ਪ੍ਰਿਤਪਾਲ ਸਿੰਘ ਖਟੜਾ ਤੇ ਸਮੁੱਚੀ ਮੈਨੇਜਮੈਂਟ ਵੱਲੋਂ ਅਗਲੇ ਸੈਸ਼ਨ ਤੋਂ ਕੌਂਸਲ ਦੀਆਂ ਸਾਰੀਆਂ ਪਾਠ ਪੁਸਤਕਾਂ ਨੂੰ ਆਪਣੇ ਪਾਠਕ੍ਰਮ ‘ਚ ਸ਼ਾਮਿਲ ਕਰਨ ਦੀ ਸਹਿਮਤੀ ਤੇ ਸਹਿਯੋਗ ਲਈ ਦੇਣ ਲਈ ਧੰਨਵਾਦ ਕੀਤਾ।
ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਡਾਕਟਰ ਗੁਰਪ੍ਰੀਤ ਕੌਰ ਢੀਡਸਾ ਨੇ ਆਪਣੇ ਸੰਬੋਧਨ ‘ਚ ਜਿੱਥੇ ਆਤਮ ਪਰਗਾਸ ਵੱਲੋਂ ਚਲਾਏ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ,ਉਥੇ ਹੀ ਉਨ੍ਹਾਂ ਸਰੀਰਕ ਤੰਦਰੁਸਤੀ ਲਈ ਸਾਰਿਆਂ ਨੂੰ ਆਪਣੀ ਰਸੋਈ ‘ਚ ਸੁਧਾਰ ਕਰਕੇ ਮੁੜ ਤੋਂ ਪੁਰਾਣੇ ਪਿੰਡਾਂ ਨੂੰ ਸੁਰਜੀਤ ਕਰਨ ਦੀ ਅਪੀਲ ਕੀਤੀ। ਸਕੂਲ ਵੱਲੋਂ ਰਿਟਾਇਰਡ ਪ੍ਰਿੰਸੀਪਲ ਸ੍ਰ ਰੌਣਕ ਸਿੰਘ ਨੇ ਸਮੁੱਚੀ ਟੀਮ ਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਧਿਆਪਕ ਦੇ ਵਿਦਿਆਰਥੀ ਜੀਵਨ ‘ਚ ਵਡਮੁੱਲੇ ਰੋਲ ਤੇ ਯੋਗਦਾਨ ਦਾ ਅਹਿਮ ਜ਼ਿਕਰ ਕੀਤਾ।
ਇਸ ਮੌਕੇ ਗੁਰਚਰਨ ਸਿੰਘ ਕੈਨੇਡਾ,ਮੈਡਮ ਸੁਖਵਿੰਦਰ ਕੌਰ ਕੈਨੇਡਾ,ਸ੍ਰ ਜੋਰਾਵਰ ਸਿੰਘ ਕੈਨੇਡਾ, ਸ੍ਰ ਗੁਰਦਰਸ਼ਨ ਸਿੰਘ ਭੱਟੀਆਂ,ਸੁਮਨਪ੍ਰੀਤ ਕੌਰ ਚੌਂਦਾ,ਜਸਬੀਰ ਕੌਰ ਤੇ ਸੁਵੀਰ ਕੌਰ ਢੀਡਸਾ ਤੋਂ ਇਲਾਵਾ ਸਮੁੱਚਾ ਸਕੂਲ ਸਟਾਫ ਹਾਜ਼ਰ ਸੀ। ਕੈਂਪਸ ਮੈਨੇਜਰ ਗਗਨਦੀਪ ਪੁਰੀ ਦੇ ਬਾ-ਕਮਾਲ ਪ੍ਰਬੰਧਾਂ ਦੀ ਬਦੌਲਤ ਸਮੁੱਚਾ ਪ੍ਰੋਗਰਾਮ ਅਪਣੀ ਖ਼ਾਸ ਛਾਪ ਛੱਡਦਾ ਹੋਇਆ ਸਫਲਤਾ ਪੂਰਵਕ ਨੇਪਰੇ ਚੜਿਆ।