
ਹਲਕੇ ਦੇ ਲੋਕਾਂ ਨਾਲ ਡੋਰ ਟੂ ਡੋਰ ਮਿਲਣੀ ਕਰ ਜਾਣੀਆਂ ਸਮੱਸਿਆਵਾਂ
ਬਰਨਾਲਾ: ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਅੱਜ ਸ਼ਹਿਰ ਦੇ ਦੁਕਾਨਦਾਰਾਂ ਨਾਲ ਡੋਰ ਟੂ ਡੋਰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ‘ਤੇ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਉਹ ਅੱਜ ਜੋ ਕੁਝ ਵੀ ਹਨ, ਉਹ ਆਪਣੇ ਹਲਕੇ ਦੇ ਲੋਕਾਂ ਦੀ ਬਦੌਲਤ ਹਨ। ਲੋਕਾਂ ਨੇ ਉਹਨਾਂ ਨੂੰ ਜੋ ਇੱਜ਼ਤ ਤੇ ਸਨਮਾਨ ਦਿੱਤਾ ਹੈ, ਉਹਦੇ ਉਹ ਹਮੇਸ਼ਾ ਰਿਣੀ ਰਹਿਣਗੇ ਅਤੇ ਸਰਕਾਰ ਬਣਨ ‘ਤੇ ਹਲਕੇ ਦਾ ਸੰਪੂਰਨ ਵਿਕਾਸ ਕਰਵਾਇਆ ਜਾਵੇਗਾ। ਸਰਦਾਰ ਢਿੱਲੋਂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਕੇਵਲ ਜੁਮਲਿਆਂ ਦੀ ਸਰਕਾਰ ਹੈ, ਜਿਸ ਦੀ ਕਹਿਣੀ ਤੇ ਕਰਣੀ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਇਸ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰ ਵਰਗ ਦੁੱਖੀ ਹੈ, ਚਾਹੇ ਉਹ ਕਿਸਾਨ ਹੋਵੇ, ਵਪਾਰੀ, ਬੇਰੋਜ਼ਗਾਰ, ਕਰਮਚਾਰੀ ਜਾਂ ਦੁਕਾਨਦਾਰ। ਕਿਉਂਕਿ ਹੁਣ ਇਹ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ, ਸਗੋਂ ਦਿੱਲੀ ਦੇ ਪੂਰਵ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ।
ਉਹਨਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਆਪਣੀਆਂ ਜਾਇਜ਼ ਮੰਗਾਂ ਰੱਖਣ ਵਾਲੇ ਨੌਜਵਾਨਾਂ ਨੂੰ ਡੰਡਿਆਂ ਨਾਲ ਜਾਂ ਜੇਲ੍ਹ ਵਿਚ ਪਾ ਕੇ ਚੁੱਪ ਕਰਵਾਇਆ ਜਾ ਰਿਹਾ ਹੈ। ਹਰ ਰੋਜ਼ ਨਵਾਂ ਜੁਮਲਾ ਸੁੱਟ ਕੇ ਲੋਕਾਂ ਨੂੰ ਕਥਿਤ ਤੌਰ ‘ਤੇ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਪੰਜਾਬ ਦੀ ਜਨਤਾ ਉਹਨਾਂ ਦੀ ਹਰ ਚਾਲਾਕੀ ਨੂੰ ਪੂਰੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਉਹ ਸੂਬੇ ਵਿਚ ਦੁਬਾਰਾ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇਖਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜਦੋਂ-ਜਦੋਂ ਪੰਜਾਬ ਦੀ ਸੱਤਾ ‘ਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ, ਤਦੋਂ ਹੀ ਰਾਜ ਦਾ ਸਰਬੰਗੀਣ ਵਿਕਾਸ ਹੋਇਆ ਹੈ ਅਤੇ 2027 ਦੇ ਚੋਣਾਂ ‘ਚ ਕਾਂਗਰਸ ਪਾਰਟੀ ਭਾਰੀ ਭੁਮਤ ਨਾਲ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀ ਰਾਹ ਤੇ ਅੱਗੇ ਲੈ ਕੇ ਜਾਵੇਗੀ।