
ਸਰਵੇਖਣ ਲਈ ਜ਼ਿਲ੍ਹੇ ਦੇ 20 ਪਿੰਡਾਂ ਦੀ ਕੀਤੀ ਗਈ ਹੈ ਚੋਣ
ਆਪਣੇ ਪਿੰਡਾਂ ਦੀ ਬਿਹਤਰੀਨ ਰੈਂਕਿੰਗ ਲਈ ਸਾਂਝੀਆਂ ਥਾਵਾਂ ਨੂੰ ਸਾਫ – ਸੁੱਥਰਾ ਰੱਖਣ ‘ਚ ਸਹਿਯੋਗ ਦੇਣ ਜ਼ਿਲ੍ਹਾ ਵਾਸੀ
ਬਰਨਾਲਾ
ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹੇ ਦੇ ਪਿੰਡਾਂ ਦਾ ਸਵੱਛਤਾ ਸਰਵੇਖਣ ਹੋਵੇਗਾ ਜਿਸ ਲਈ ਕੇਂਦਰੀ ਟੀਮ ਵਲੋਂ ਜ਼ਿਲ੍ਹੇ ਦੇ 20 ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਆਉਂਦੇ ਦਿਨੀਂ ਸਵੱਛਤਾ ਸਰਵੇਖਣ ਹੋਣਾ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਵਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸਵੱਛਤਾ ਸਰਵੇਖਣ ਗ੍ਰਾਮੀਣ 2025 ਬਾਰੇ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਲਈ ਕੇਂਦਰੀ ਟੀਮ ਆਉਂਦੇ ਦਿਨੀਂ ਜ਼ਿਲ੍ਹੇ ਦੇ 20 ਪਿੰਡਾਂ ਦਾ ਦੌਰਾ ਕਰੇਗੀ। ਓਨ੍ਹਾਂ ਦੱਸਿਆ ਕਿ ਇਹ ਟੀਮ ਕਈ ਤਰ੍ਹਾਂ ਦੇ ਮਾਪਦੰਡਾਂ ਦੇ ਆਧਾਰ ‘ਤੇ ਰੈਂਕਿੰਗ ਦੇਵੇਗੀ ਜਿਵੇਂ ਪਲਾਸਟਿਕ ਵੇਸਟ ਮੈਨੇਜਮੈਂਟ, ਗਿੱਲੇ ਤੇ ਸੁੱਕੇ ਕੂੜੇ ਦਾ ਨਿਪਟਾਰਾ, ਜਨਤਕ ਥਾਵਾਂ, ਥਾਪਰ ਮਾਡਲ ,ਆਂਗਣਵਾੜੀ ਸੈਂਟਰ, ਸਕੂਲਾਂ ਦੀ ਸਫਾਈ ਆਦਿ।
ਓਨ੍ਹਾਂ ਕਿਹਾ ਕਿ ਇਸ ਸਰਵੇਖਣ ਲਈ ਫੀਡਬੈਕ ਦੇਣ ਵਾਸਤੇ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਸਿਟੀਜ਼ਨ ਫੀਡਬੈਕ ਐਪ ਰਾਹੀਂ ਫੀਡਬੈਕ ਦੇ ਸਕਦੇ ਹਨ।
ਇਸ ਮੌਕੇ ਐਕਸੀਅਨ ਜਲ ਸਪਲਾਈ ਵਿਭਾਗ ਬਰਨਾਲਾ ਸ੍ਰੀ ਚਮਕ ਸਿੰਗਲਾ ਨੇ ਦੱਸਿਆ ਕਿ ਸਿਟੀਜ਼ਨ ਫੀਡਬੈਕ ਐਪ
https://play.google.com/store/apps/details?id=com.ssg.abc.ssg ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਕਾ ਸਕਦੀ ਹੈ ਜਿਸ ‘ਤੇ ਮੋਬਾਈਲ ਨੰਬਰ ਅਤੇ ਵਨ ਟਾਈਮ ਪਾਸਵਰਡ (ਓ ਟੀ ਪੀ) ਭਰ ਕੇ ਪਿੰਡ ਵਾਸੀ ਫੀਡਬੈਕ ਦੇ ਸਕਦੇ ਹਨ ਅਤੇ ਪਿੰਡ ਵਿੱਚ ਸਵੱਛਤਾ ਸਬੰਧੀ ਹੋਏ ਕੰਮਾਂ ਨੂੰ ਉਭਾਰ ਸਕਦੇ ਹਨ।
ਓਨ੍ਹਾਂ ਦੱਸਿਆ ਕਿ ਕੇਂਦਰੀ ਟੀਮ ਵਲੋਂ ਜਿਹੜੇ ਪਿੰਡਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿੱਚ ਧੂਰਕੋਟ, ਗੁਰਮ, ਹਮੀਦੀ, ਪੱਖੋਂ ਕਲਾਂ, ਰੂੜੇਕੇ ਕਲਾਂ, ਠੀਕਰੀਵਾਲਾ, ਕੋਠੇ ਰਾਮਸਰ, ਅਮਲਾ ਸਿੰਘ ਵਾਲਾ, ਕਲਾਲ ਮਾਜਰਾ, ਕੁਰੜ, ਮਹਿਲ ਖੁਰਦ, ਵਜੀਦਕੇ ਕਲਾਂ, ਬਖਤਗੜ੍ਹ, ਚੀਮਾ, ਜੰਗੀਆਣਾ, ਸ਼ਹਿਣਾ, ਸੰਧੂ ਕਲਾਂ, ਭਗਤਪੁਰਾ, ਢਿੱਲਵਾਂ ਦਾਖਾ, ਕੋਠੇ ਖਿਓ ਸਿੰਘ ਸ਼ਾਮਲ ਹਨ।
ਓਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਨੂੰ ਸਾਫ ਸੁੱਥਰਾ ਰੱਖਣ ਤਾਂ ਜੋ ਓਨ੍ਹਾਂ ਦੇ ਪਿੰਡ ਨੂੰ ਬੇਹਤਰੀਨ ਦਰਜਾ ਮਿਲ ਸਕੇ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰਪਾਲ ਸਿੰਘ, ਬੀ ਡੀ ਪੀ ਓ ਸੁਖਵਿੰਦਰ ਸਿੰਘ, ਬੀ ਡੀ ਪੀ ਓ ਜਗਰਾਜ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤ ਇੰਦਰਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰ ਸਿੰਘ ਅਤੇ ਮੈਡਮ ਨੀਰਜਾ, ਜਲ ਸਪਲਾਈ ਵਿਭਾਗ ਤੋਂ ਰਾਜੀਵ ਕੁਮਾਰ ਤੇ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।