
ਧਨੌਲਾ/ਹਿਮਾਂਸ਼ੂ ਗੋਇਲ
ਸੜਕ ਸੁਰੱਖਿਆ ਫੋਰਸ ਰੂਟ ਨੰਬਰ 88307 ਦੇ ਇੰਚਾਰਜ ਏ.ਐੱਸ.ਆਈ. ਅਮਰੀਕ ਸਿੰਘ ਵੱਲੋਂ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿੰਡ ਕੋਟਦੁੱਨਾ ਨੇੜੇ ਪੈਟਰੋਲ ਪੰਪ ਕੋਲ ਮੋਟਰ ਸਾਈਕਲ ਪੀ.ਬੀ. 49 ਏ 3716 ਜਿਸ ਨੂੰ ਜੈ ਰਾਮ ਵਾਸੀ ਸਾਹੋ ਕੇ ਚਲਾ ਰਿਹਾ ਸੀ ਅਤੇ ਦੂਸਰਾ ਮੋਟਰਸਾਈਕਲ ਪੀ.ਬੀ. 08 ਸੀ. ਐੱਲ. 8891 ਜਿਸਨੂੰ ਜਸਪ੍ਰੀਤ ਸਿੰਘ ਵਾਸੀ ਸ਼ਾਹਪੁਰ ਚਲਾ ਰਿਹਾ ਸੀ। ਪ੍ਰਤੱਖਦਰਸ਼ੀਆਂ ਅਨੁਸਾਰ ਜਸਪ੍ਰੀਤ ਸਿੰਘ ਦੇ ਮੋਟਰਸਾਈਕਲ ‘ਤੇ ਤਿੰਨ ਜਣੇ ਸਵਾਰ ਸਨ ਜੋ ਬਹੁਤ ਤੇਜ਼ ਸਪੀਡ ‘ਤੇ ਜਾ ਰਿਹਾ ਸੀ ਜੋ ਕਿ ਦੋਵੇਂ ਮੋਟਰਸਾਈਕਲਾਂ ਦੀ ਪਿੱਛੋਂ ਟੱਕਰ ਵੱਜਣ ਕਰਕੇ ਇਸ ਦੌਰਾਨ ਜੈ ਰਾਮ ਅਤੇ ਉਸਦੀ ਪਤਨੀ ਕ੍ਰਿਸ਼ਨਾ ਸਮੇਤ ਜਸਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨਾਂ ਨੂੰ ਐੱਸ. ਐੱਸ. ਐੱਫ. ਟੀਮ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਵਾਏ। ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਆਪਣੀ ਗੱਡੀ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਵਹੀਕਲਾਂ ਨੂੰ ਰੋਡ ਤੋਂ ਪਾਸੇ ਕਰਕੇ ਟ੍ਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ ਅਤੇ ਧਨੌਲਾ ਥਾਣਾ ਦੇ ਮੁਨਸ਼ੀ ਨੂੰ ਉਕਤ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਏ. ਐੱਸ.ਆਈ. ਅਮਰੀਕ ਸਿੰਘ ਵੱਲੋਂ ਅਪੀਲ ਕੀਤੀ ਗਈ ਕਿ ਹਾਈਵੇ ‘ਤੇ ਚਲਦੇ ਸਮੇਂ ਆਪਣੇ ਵਹੀਕਲ ਦੀ ਸਪੀਡ ਨਿਰਧਾਰਤ ਹੀ ਰੱਖੋ ਅਤੇ ਅੱਗੇ ਜਾ ਰਹੀ ਗੱਡੀ ਤੋਂ ਥੋੜ੍ਹਾ ਫਾਸਲਾ ਜ਼ਰੂਰ ਬਣਾ ਕੇ ਰੱਖੋ ਤਾਂ ਜੋ ਹਾਦਸੇ ਵਾਪਰਨ ਤੋਂ ਬਚਾਅ ਹੋ ਸਕੇ ਅਤੇ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਗੱਡੀ ਨਾ ਚਲਾਈ ਜਾਵੇ ਇਸ ਦੇ ਨਾਲ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚਲਾਉਣ ਦਿੱਤਾ ਜਾਵੇ। ਉਹਨਾਂ ਆਖਿਆ ਕਿ ਪੰਜਾਬ ਵਿੱਚ ਕਿਤੇ ਵੀ ਸੜਕ ਹਾਦਸਾ ਹੁੰਦਾ ਹੈ ਤਾਂ 112 ਨੰਬਰ ਤੇ ਕਾਲ ਕਰਕੇ ਐੱਸ.ਐੱਸ. ਐੱਫ. ਟੀਮ ਦੀ ਮਦਦ ਜ਼ਰੂਰ ਲਈ ਜਾਵੇ। ਇਸ ਮੌਕੇ ਇਹ ਏ. ਐੱਸ. ਆਈ. ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਦਿਲਾਵਰ ਸਿੰਘ, ਸਿਪਾਹੀ ਦੀਪਿਕਾ ਰਾਣੀ, ਸਿਪਾਹੀ ਗੁਰਮੀਤ ਕੌਰ ਆਦਿ ਹਾਜ਼ਰ ਸਨ।