
ਪੂਰੇ ਪਰਿਵਾਰ ਉੱਤੇ ਨਸ਼ਾ ਤਸਕਰੀ ਦੇ 16 ਮਾਮਲੇ ਦਰਜ ਹਨ, ਐੱਸ.ਐੱਸ.ਪੀ.ਬਰਨਾਲ਼ਾ
ਬਰਨਾਲਾ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਸੈਂਸੀ ਬਸਤੀ, ਰਾਮ ਬਾਗ਼ ਨੇੜੇ ਨਸ਼ਾ ਤਸਕਰ ਦਾ ਘਰ ਢਾਹਿਆ ਗਿਆ। ਇਸ ਸਬੰਧੀ ਮੌਕੇ ਉੱਤੇ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਬਰਨਾਲਾ ਸ਼੍ਰੀ ਸਰਫਰਾਜ਼ ਆਲਮ ਨੇ ਦੱਸਿਆ ਕਿ ਪੁਲਿਸ ਅਤੇ ਨਗਰ ਸੁਧਾਰ ਟਰੱਸਟ ਵੱਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਜਿਸ ਪਰਿਵਾਰ ਦੇ ਘਰ ਉਤੇ ਅੱਜ ਪੀਲਾ ਪੰਜਾ ਚਲਾਇਆ ਗਿਆ ਹੈ ਉਸ ਘਰ ਦੇ 16 ਲੋਕਾਂ ਉੱਤੇ ਨਸ਼ਿਆਂ ਸਬੰਧੀ ਪਰਚੇ ਦਰਜ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜਿੱਥੇ ਪੁਲਿਸ ਵੱਲੋਂ ਨਿਰੰਤਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਨਸ਼ੇ ਵੇਚ ਕੇ ਜਾਂ ਖਰੀਦ ਕੇ ਬਣਾਈ ਗਈ ਉਸਾਰੀਆਂ ਨੂੰ ਢਾਹਿਆ ਜਾ ਰਿਹਾ ਹੈ ।ਉਨ੍ਹਾਂ ਨਾਲ ਹੀ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਹਰ ਇਕ ਨਸ਼ਾ ਤਸਕਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ । ਸੈਂਸੀ ਬਸਤੀ ਵਿਖੇ ਪੁਲਿਸ ਵੱਲੋਂ ਉਨ੍ਹਾਂ ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਨਸ਼ਾ ਤਸਕਰੀ ਸਬੰਧੀ ਕੇਸ ਦਰਜ ਕੀਤੇ ਗਏ ਹਨ ।ਇਸ ਮੌਕੇ ਪੁਲਿਸ ਫੋਰਸ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ ।